mansa news: ਮਜ਼ਦੂਰਾਂ ਤੋਂ ਕੰਮ ਨਾ ਕਰਾਉਣ ਦਾ ਮਾਮਲਾ ਭਖਿਆ
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ 7 ਨੂੰ ਥਾਣਾ ਘਿਰਾਓ ਦਾ ਐਲਾਨ
ਬੁਢਲਾਡਾ ਹਲਕੇ ਦੇ ਪਿੰਡ ਅਕਬਰਪੁਰ ਖੁਡਾਲ ’ਚ ਮਜ਼ਦੂਰਾਂ ਤੋਂ ਕੰਮ ਕਰਵਾਉਣ ਦੀ ਥਾਂ ਜੇ ਸੀ ਬੀ ਨਾਲ ਕਰਵਾਉਣ ਦਾ ਵਿਰੋਧ ਕਰਨ ’ਤੇ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਚਾਇਤ ਵੱਲੋਂ ਨਰੇਗਾ ‘ਜੀ ਰਾਮ ਜੀ’ ਮੇਟ ਦਲਿਤ ਔਰਤਾਂ ਜਸਵੀਰ ਕੌਰ, ਸੁਖਪਾਲ ਕੌਰ ਸਮੇਤ ਮਗਨਰੇਗਾ ਵਰਕਰ ਔਰਤਾਂ ਨੂੰ ਜਾਤੀ ਤੌਰ ’ਤੇ ਅਪਮਾਨਿਤ ਕਰਨ ਤੇ ਥੱਪੜ ਮਾਰਨ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਨੇ ਰੋਸ ਰੈਲੀ ਕੀਤੀ। ਉਨ੍ਹਾਂ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਕਸੂਰਵਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ 7 ਸਤੰਬਰ ਨੂੰ ਥਾਣਾ ਬਰੇਟਾ ਦਾ ਘਿਰਾਓ ਕੀਤਾ ਜਾਵੇਗਾ।
ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜ ਵਿੱਚ ਦਲਿਤ ਮਜ਼ਦੂਰਾਂ ਨੂੰ ਹੱਕ ਮਿਲਣ ਦੀ ਥਾਂ ਹਰ ਪੱਧਰ ’ਤੇ ਅਪਮਾਨ ਹੀ ਸਹਿਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਸਬੰਧਤ ਮੌਜੂਦਾ ਸਰਪੰਚ ਭਾਵੇਂ ਔਰਤ ਹੈ, ਪਰ ਕੰਮ ਉਸ ਦਾ ਪਤੀ ਕਰਦਾ ਹੈ। ਉਨ੍ਹਾਂ ਕਿਹਾ ਕਿ ਮਸ਼ੀਨ ਦਾ ਵਿਰੋਧ ਕਰਨ ਵਾਲਿਆਂ ਦਲਿਤ ਔਰਤਾਂ ਨੂੰ ਧਮਕੀਆਂ ਦੇਣ ਮਗਰੋਂ ਪਿੰਡ ਦੇ ਨਰੇਗਾ ਮਜ਼ਦੂਰਾਂ ਨੇ ਹਲਕਾ ਵਿਧਾਇਕ ਕੋਲ ਜਾਕੇ ਸ਼ਿਕਾਇਤ ਕੀਤੀ ਪਰ ਨਰੇਗਾ ਮਜ਼ਦੂਰਾਂ ਨੂੰ ਇਨਸਾਫ਼ ਮਿਲਣਾ ਤਾਂ ਦੂਰ ਹਲਕਾ ਵਿਧਾਇਕ ਤੇ ਉਸ ਦੇ ਪੀ ਏ ਨੇ ਉਸ ਤੋਂ ਬਾਅਦ ਮਜ਼ਦੂਰਾਂ ਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਜੇ ਮਨਰੇਗਾ ਮਜ਼ਦੂਰਾਂ ਨੂੰ ਇਨਸਾਫ਼ ਨਾਲ ਮਿਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਤਰਸੇਮ ਸਿੰਘ ਖਾਲਸਾ, ਬਾਵਾ ਸਿੰਘ, ਜਸਵੀਰ ਕੌਰ,ਸੁਖਪਾਲ ਕੌਰ ਨੇ ਵੀ ਸੰਬੋਧਨ ਕੀਤਾ। ਉਧਰ ਜਦੋਂ ਇਸ ਸਬੰਧੀ ਥਾਣਾ ਬਰੇਟਾ ਦੇ ਮੁਖੀ ਗਨੇਸ਼ਵਰ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

