mansa news: ਨਹਿਰੂ ਕਾਲਜ ’ਚ ਸਹੂਲਤਾਂ ਦੀ ਘਾਟ ਖ਼ਿਲਾਫ਼ ਰੋਸ
ਵਿਦਿਆਰਥੀਆਂ ਨੇ ਜ਼ਿਲ੍ਹਾ ਕਚਹਿਰੀਆਂ ਤੱਕ ਮਾਰਚ ਕੀਤਾ; ਨਗਰ ਕੌਸਲ ਪ੍ਰਧਾਨ ਵੱਲੋਂ ਜਥੇਬੰਦੀ ਨੂੰ ਮਸਲੇ ਹੱਲ ਕਰਨ ਦਾ ਭਰੋਸਾ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ’ਚ ਬੁਨਿਆਦੀ ਸਹੂਲਤਾਂ ਦੀ ਘਾਟ ਖ਼ਿਲਾਫ਼ ਵਿਦਿਆਰਥੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਕਚਹਿਰੀਆਂ ਤੱਕ ਰੋਸ ਮਾਰਚ ਕੀਤਾ ਗਿਆ।
ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਕੌਰ ਨੇ ਕਿਹਾ ਕਿ ਕਾਲਜ ਵਿਖੇ ਵਿਦਿਆਰਥੀਆਂ ਲਈ ਪੀਣ ਵਾਲੇ ਪਾਣੀ, ਬਾਥਰੂਮਾਂ ਦਾ ਮਾੜੀ ਹਾਲਤ ਸਮੇਤ ਸਫ਼ਾਈ ਪ੍ਰਬੰਧਾਂ, ਕਾਲਜ ਦੇ ਮੁੱਖ ਗੇਟ ਅੱਗੇ ਵਿਦਿਆਰਥੀਆਂ ਲਈ ਬੱਸਾਂ ਨਾ ਰੁਕਣ ਕਾਰਨ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਲਜ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਗਿਆ, ਪਰ ਕਾਰਜਕਾਰੀ ਪ੍ਰਿੰਸੀਪਲ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਦਿੱਤਾ ਗਿਆ, ਜਿਸ ਕਾਰਨ ਅੱਕੇ ਵਿਦਿਆਰਥੀਆਂ ਨੇ ਵਿਧਾਇਕ ਅੱਗੇ ਮਸਲੇ ਰੱਖਣ ਲਈ ਧਰਨਾ ਦੇਣਾ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੇ ਅੱਜ ਮਾਨਸਾ ਦੇ ਵਿਧਾਇਕ ਵਿਜੈ ਸਿੰਗਲਾ ਦੇ ਘਰ ਅੱਗੇ ਧਰਨਾ ਦੇਣਾ ਸੀ ਪਰ ਕਈ ਦਿਨਾਂ ਤੋਂ ਚੱਲ ਰਹੀ ਕਾਲਜ ਬਚਾਓ ਮੁਹਿੰਮ ਤਹਿਤ ਪ੍ਰਸ਼ਾਸਨ ਤੇ ਵਿਧਾਇਕ ’ਤੇ ਦਬਾਅ ਬਣਿਆ ਹੋਇਆ ਸੀ, ਜਿਸ ਵਿੱਚੋਂ ਅੱਜ ਪ੍ਰਸ਼ਾਸਨ ਨੇ ਮੀਟਿੰਗ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਨਗਰ ਕੌਸਲ ਦੇ ਪ੍ਰਧਾਨ ਭੂਸ਼ਣ ਕੁਮਾਰ ਮੱਤੀ ਨਾਲ ਮੀਟਿੰਗ ਕਰਵਾਈ ਗਈ ਅਤੇ ਵਿਦਿਆਰਥੀ ਜਥੇਬੰਦੀ ਵੱਲੋਂ ਮੰਗ ਪੱਤਰ ਸੌਂਪਿਆ ਗਿਆ।
ਨਗਰ ਕੌਸਲ ਪ੍ਰਧਾਨ ਭੂਸ਼ਨ ਕੁਮਾਰ ਮੱਤੀ ਨੇ ਵਿਦਿਆਰਥੀਆਂ ਭਰੋਸਾ ਦਿਵਾਇਆ ਕਿ ਫੌਰੀ ਤੌਰ ’ਤੇ ਹੱਲ ਹੋਣ ਵਾਲੇ ਮਸਲੇ ਹਨ, ਉਹ ਜ਼ਰੂਰ ਹੱਲ ਕਰਵਾਉਣਗੇ। ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਕਾਲਜ ਦੀ ਸਾਫ਼-ਸਫ਼ਾਈ ਕਾਲਜ ਗੇਟ ਅੱਗੇ ਬੱਸਾਂ ਰੁਕਣ ਅਤੇ ਕਾਲਜ ਦੇ ਬਾਥਰੂਮਾਂ ਲਈ 5 ਲੱਖ ਟੈਂਡਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਛੇਤੀ ਹੀ ਕਾਲਜ ’ਚ ਪੱਕਾ ਪ੍ਰਿਸੀਪਲ, ਨਵੇਂ ਕੋਰਸਾਂ ਨੂੰ ਆਰੰਭ ਅਤੇ ਕਾਲਜ ਬਿਲਡਿੰਗ ਦੀ ਮੁਰੰਮਤ ਕਰਵਾਈ ਜਾਵੇਗੀ। ਇਸ ਮੌਕੇ ਕਮਲਪ੍ਰੀਤ ਕੌਰ, ਸੁਖਵਿੰਦਰ ਸਿੰਘ ਘੁੰਮਣ, ਜਸ਼ਨਦੀਪ ਸਿੰਘ, ਛਿੰਦਰਪਾਰ ਕੌਰ ਜਗਦੇਵ ਸਿੰਘ, ਹਰਵਿੰਦਰ ਸਿੰਘ, ਹੈਪੀ ਸਿੰਘ,ਕੁਲਦੀਪ ਸਿੰਘ ਅਤੇ ਸੁਖਜੀਤ ਰਾਮਾਂਨੰਦੀ ਆਦਿ ਨੇ ਵੀ ਸੰਬੋਧਨ ਕੀਤਾ।

