DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mansa news: ਕਿਸਾਨ ਜਥੇਬੰਦੀ ਦਾ ਫਾਇਨਾਂਸ ਕੰਪਨੀ ਦੇ ਦਫ਼ਤਰ ਅੱਗੇ ਧਰਨਾ

ਕਿਸਾਨ ਦੀ ਕੰਬਾਈਨ ਲਿਜਾਣ ਦਾ ਵਿਰੋਧ ਕੀਤਾ; ਮਾਨਸਾ ਪੁਲੀਸ ਨੇ ਸਮਝੌਤਾ ਕਰਵਾ ਕੇ ਧਰਨਾ ਚੁਕਾਇਆ

  • fb
  • twitter
  • whatsapp
  • whatsapp
featured-img featured-img
ਮਾਨਸਾ ਵਿੱਚ ਫਾਇਨਾਂਸ ਕੰਪਨੀ ਦੇ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ। -ਫੋਟੋ: ਸੁਰੇਸ਼
Advertisement

ਮਾਨਸਾ ਦੀ ਨਿੱਜੀ ਫਾਇਨਾਂਸ ਕੰਪਨੀ ਵੱਲੋਂ ਕਿਸਾਨ ਦੀ ਕਰਜ਼ੇ ਰਾਹੀਂ ਖ਼ਰੀਦੀ ਕੰਬਾਈਨ ਲਿਜਾਣ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਨੇ ਕੰਪਨੀ ਦੇ ਦਫ਼ਤਰ ਦਾ ਗੇਟ ਬੰਦ ਕਰਕੇ ਪੱਕਾ ਮੋਰਚਾ ਲਾ ਕੇ ਕੇ ਪੀੜਤ ਕਿਸਾਨ ਲਈ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਕਿਸਾਨਾਂ ਦੇ ਪੱਕੇ ਮੋਰਚੇ ਮਗਰੋਂ ਕੰਬਾਈਨ ਲਿਜਾਣ ਮਗਰੋਂ ਉਸ ਦੇ ਕਈ ਮਹਿੰਗੇ ਪੁਰਜ਼ੇ ਕੱਢ ਕੇ ਬਦਲਣ ਦਾ ਮਾਮਲਾ ਵੀ ਸਾਹਮਣੇ ਆਇਆ, ਜਿਸ ਕਾਰਨ ਕਿਸਾਨਾਂ ਦਾ ਰੋਹ ਹੋਰ ਵਧ ਗਿਆ। ਜਥੇਬੰਦੀ ਨੇ ਇਸ ਮਾਮਲੇ ਵਿੱਚ ਮਾਨਸਾ ਦੇ ਵਿਧਾਇਕ ਦੇ ਘਰ ਅੱਗੇ ਵੀ ਧਰਨਾ ਲਾਇਆ, ਜਿਸ ਮਗਰੋਂ ਮਸਲੇ ਨੂੰ ਸ਼ਾਂਤ ਕਰਨ ਲਈ ਪੁਲੀਸ ਵੱਲੋਂ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫਾਇਨਾਂਸ ਕੰਪਨੀ ਨੂੰ ਮੂੰਹ ਦੀ ਖਾਣੀ ਪਈ।

ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਮਾਨਸਾ ਦੇ ਕਿਸਾਨ ਜਸਪ੍ਰੀਤ ਸਿੰਘ ਵੱਲੋਂ ਫਾਇਨਾਂਸ ਕੰਪਨੀ ਤੋਂ 2024 ਵਿੱਚ 22 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦੀਆਂ 2 ਕਿਸ਼ਤਾਂ ਭਰ ਦਿੱਤੀਆਂ ਸਨ, ਤੀਜੀ ਕਿਸ਼ਤ ਟੁੱਟਣ ਕਰ ਕੇ ਕੰਪਨੀ ਦੇ ਅਧਿਕਾਰੀਆਂ ਨੇ ਕਿਸਾਨ ਤੋਂ ਕੰਬਾਈਨ ਫੜ ਕੇ ਆਪਣੇ ਯਾਰਡ ਲੁਧਿਆਣਾ ਵਿੱਚ ਲਾ ਦਿੱਤੀ।

Advertisement

ਉਨ੍ਹਾਂ ਦੱਸਿਆ ਕਿ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਜਦੋਂ ਕੰਬਾਈਨ ਮਾਨਸਾ ਤੋਂ ਲੁਧਿਆਣਾ ਲਿਜਾਈ ਜਾ ਰਹੀ ਸੀ ਤਾਂ ਰਸਤੇ ਵਿੱਚ ਪਿੰਡ ਰੂੜੇਕੇ ਕੋਲ ਕੰਬਾਈਨ ਰੋਕ ਕੇ 12 ਪੁਰਜ਼ੇ ਬਦਲ ਕੇ ਪੁਰਾਣੇ ਪਾ ਦਿੱਤੇ ਗਏ। ਇਹ ਸਾਰਾ ਕੁੱਝ ਕੰਪਨੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਇਆ।

Advertisement

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪੈਸੇ ਭਰਨ ਲਈ ਤਿਆਰ ਹੈ ਪਰ ਕੰਪਨੀ ਅਧਿਕਾਰੀ ਕਿਸਾਨ ਦੇ ਘਰੋਂ ਲਿਆਂਦੀ ਕੰਬਾਈਨ ਅਸਲ ਸਾਮਾਨ ਸਣੇ ਦੇਣ ਤੋਂ ਮੁੱਕਰ ਗਏ, ਜਿਸ ਕਾਰਨ ਜਥੇਬੰਦੀ ਵੱਲੋਂ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਲਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਕੋਈ ਸੁਣਵਾਈ ਨਹੀਂ ਹੋਣ ’ਤੇ ਦਫ਼ਤਰ ਦਾ ਗੇਟ ਬੰਦ ਕਰ ਕੇ ਕਿਸੇ ਵੀ ਮੁਲਾਜ਼ਮ ਨੂੰ ਦਫ਼ਤਰ ਵਿੱਚ ਵੜਨ ਨਹੀਂ ਦਿੱਤਾ ਗਿਆ। ਇਸ ਦੌਰਾਨ ਕੰਪਨੀ ਅਧਿਕਾਰੀ ਗੱਲਬਾਤ ਲਈ ਆਏ ਤਾਂ ਥਾਣਾ ਸਿਟੀ-1 ਮਾਨਸਾ ਦੇ ਐੱਸ ਐੱਚ ਓ ਅਤੇ ਸਿਟੀ-2 ਮਾਨਸਾ ਦੇ ਐੱਸ ਐੱਚ ਓ ਦੀ ਹਾਜ਼ਰੀ ਵਿੱਚ ਸਮਝੌਤਾ ਹੋਇਆ ਕਿ ਕੱਢੇ ਗਏ ਸਾਮਾਨ ਦੇ 2 ਲੱਖ ਰੁਪਏ ਫਾਇਨਾਂਸ ਕੰਪਨੀ ਭੁਗਤੇਗੀ। ਸੋਮਵਾਰ ਨੂੰ ਕਿਸਾਨ ਵੱਲੋਂ ਬਣਦੇ ਪੈਸੇ ਭਰਨ ’ਤੇ ਫਾਇਨਾਂਸ ਕੰਪਨੀ ਕਿਸਾਨ ਨੂੰ ਕੰਬਾਈਨ ਸਪੁਰਦ ਕਰ ਦੇਵੇਗੀ। ਇਹ ਸਹਿਮਤੀ ਬਣਨ ਜਥੇਬੰਦੀ ਵੱਲੋਂ ਜੇਤੂ ਰੈਲੀ ਕਰਕੇ ਧਰਨਾ ਚੁੱਕ ਲਿਆ ਗਿਆ।

 BKU Ugrahan, finance company protest, farmer combine harvester seized, loan default protest, Punjab farmers union, Jagseer Singh Jawaharke, Ram Singh Bhainibagha, Jaspriet Singh, Ludhiana yard, police intervention, protest outside MLA house, combine parts replaced scam, farmers rights Punjab
Advertisement
×