Mansa news: ਗੁਰਦੁਆਰੇ ਦਾ ਪ੍ਰਬੰਧਕ ਲਾਉਣ ਦਾ ਵਿਵਾਦ ਭਖ਼ਿਆ
ਦੋ ਸ਼੍ਰੋਮਣੀ ਕਮੇਟੀ ਮੈਂਬਰ ਆਹਮੋ-ਸਾਹਮਣੇ; ਪਿੰਡ ਵਾਸੀਆਂ ਨੇ ਇਤਰਾਜ਼ ਜਤਾਇਆ
ਮਾਨਸਾ ਨੇੜਲੇ ਪਿੰਡ ਫਫੜੇ ਭਾਈਕੇ ਦੇ ਇਤਿਹਾਸਕ ਗੁਰੂਘਰ ਭਾਈ ਬਹਿਲੋ ਦੀ ਲੋਕਲ ਕਮੇਟੀ ਵੱਲੋਂ ਪ੍ਰਬੰਧਕ ਲਾਉਣ ਸਬੰਧੀ ਦੋ ਸ਼੍ਰੋਮਣੀ ਕਮੇਟੀ ਮੈਂਬਰ ਆਹਮੋ-ਸਾਹਮਣੇ ਹੋ ਗਏ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਵੀ ਵਿਵਾਦ ਵਧ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਝੱਬਰ, ਅਕਾਲੀ ਦਲ ਬਾਦਲ ਦੇ ਕੌਮੀ ਬੁਲਾਰੇ ਹਨ ਜਦੋਂ ਕਿ ਦੂਜੇ ਮੈਂਬਰ ਮਿੱਠੂ ਸਿੰਘ ਕਾਹਨੇਕੇ ਅਕਾਲੀ ਦਲ ਪੁਨਰ ਸੁਰਜੀਤੀ ਨਾਲ ਖੜ੍ਹੇ ਹਨ।
ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਐੱਸ ਜੀ ਪੀ ਸੀ ਵੱਲੋਂ ਲੋਕਲ ਗੁਰਦੁਆਰਾ ਦਾ ਪ੍ਰਬੰਧਕ ਨਾ ਲਾਉਣ ਸਬੰਧੀ ਇਤਰਾਜ਼ ਜਤਾਇਆ ਹੈ। ਇਸ ਸਬੰਧੀ ਅੱਜ ਪਿੰਡ ਵਿੱਚ ਇਕੱਠ ਦੌਰਾਨ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਸ੍ਰੀ ਅੰਮ੍ਰਿਤਸਰ ਦੇ ਫ਼ੈਸਲੇ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜ਼ਮ ਪੂਰਨ ਸਿੰਘ ਨੂੰ ਪ੍ਰਬੰਧਕ ਦੇ ਤੌਰ ’ਤੇ ਨਿਯੁਕਤ ਕਰਨਾ ਚਾਹੀਦਾ ਹੈ। ਪਿੰਡ ਦਾ ਇਕੱਠ ਵੀ ਇਸ ਲਈ ਸਹਿਮਤੀ ਦੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਥੋਂ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਅਜੈਬ ਸਿੰਘ ਨੂੰ ਸੌਂਪੀ ਗਈ ਸੀ, ਪਰ ਕੁੱਝ ਮੈਂਬਰ ਵੱਲੋਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ’ਚ ਅਪੀਲ ਕਰ ਕੇ ਪੂਰਨ ਸਿੰਘ ਨੂੰ ਪ੍ਰਬੰਧਕ ਨਿਯੁਕਤ ਕਰ ਦਿੱਤਾ ਗਿਆ, ਐੱਸ ਜੀ ਪੀ ਸੀ ਉਨ੍ਹਾਂ ਚਾਰਜ ਨਹੀਂ ਦੇ ਰਹੀ ਹੈ, ਜਿਸ ਕਰ ਕੇ ਪਿੰਡ ਵਾਸੀਆਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਜੇ ਐੱਸ ਜੀ ਪੀ ਸੀ ਵੱਲੋਂ ਪੂਰਨ ਸਿੰਘ ਨੂੰ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਬਹਿਲੋ ਫਫੜੇ ਭਾਈਕੇ ਦਾ ਚਾਰਜ ਨਾ ਦਿੱਤਾ ਗਿਆ ਤਾਂ ਇਸ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਪੂਰਨ ਸਿੰਘ ਨੂੰ ਰਿਸੀਵਰ ਨਹੀਂ ਲਾਇਆ ਜਾ ਸਕਦਾ। ਇਹ ਐੱਸ ਜੀ ਪੀ ਸੀ ਦੀ ਅਗਜੈਕਟਿਵ ਕਮੇਟੀ ਦਾ ਫ਼ੈਸਲਾ ਹੈ ਅਤੇ ਇਹ ਹੀ ਫੈਸਲਾ ਮੰਨਣਯੋਗ ਹੈ।

