Mansa Municipal Council: ਆਊਟਸੋਰਸ ਸਫ਼ਾਈ ਕਾਮਿਆਂ ਨੂੰ ਇਨਸੋਰਸ ਕਰਨ ਦਾ ਮਤਾ ਪਾਸ
ਪੰਜਾਬ ਸਰਕਾਰ ਵੱਲੋਂ ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਸਬੰਧੀ ਲਏ ਫ਼ੈਸਲੇ ਤਹਿਤ ਅੱਜ ਨਗਰ ਕੌਂਸਲ ਮਾਨਸਾ ਦੇ ਦਫ਼ਤਰ ਵਿੱਚ ਵਿਧਾਇਕ ਡਾ. ਵਿਜੈ ਸਿੰਗਲਾ ਦੀ ਮੌਜੂਦਗੀ ਵਿੱਚ ਕੀਤੀ ਮੀਟਿੰਗ ਦੌਰਾਨ ਕੌਂਸਲ ਪ੍ਰਧਾਨ ਭੂਸ਼ਣ ਮੱਤੀ ਅਤੇ ਸਮੂਹ ਕੌਸਲਰਾਂ ਨੇ ਕੌਂਸਲ ਵਿੱਚ ਆਊਟਸੋਰਸ...
ਪੰਜਾਬ ਸਰਕਾਰ ਵੱਲੋਂ ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਸਬੰਧੀ ਲਏ ਫ਼ੈਸਲੇ ਤਹਿਤ ਅੱਜ ਨਗਰ ਕੌਂਸਲ ਮਾਨਸਾ ਦੇ ਦਫ਼ਤਰ ਵਿੱਚ ਵਿਧਾਇਕ ਡਾ. ਵਿਜੈ ਸਿੰਗਲਾ ਦੀ ਮੌਜੂਦਗੀ ਵਿੱਚ ਕੀਤੀ ਮੀਟਿੰਗ ਦੌਰਾਨ ਕੌਂਸਲ ਪ੍ਰਧਾਨ ਭੂਸ਼ਣ ਮੱਤੀ ਅਤੇ ਸਮੂਹ ਕੌਸਲਰਾਂ ਨੇ ਕੌਂਸਲ ਵਿੱਚ ਆਊਟਸੋਰਸ ਆਧਾਰ ’ਤੇ ਕੰਮ ਕਰ ਰਹੇ 93 ਸਫ਼ਾਈ ਕਰਮਚਾਰੀਆਂ ਨੂੰ ਇਨਸੋਰਸ ਕਰਨ ਲਈ ਮਤਾ ਪਾਸ ਕੀਤਾ। ਡਾ. ਸਿੰਗਲਾ ਨੇ ਇਹ ਫ਼ੈਸਲਾ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਹੋਰ ਸੁਚਾਰੂ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਮੁਲਾਜ਼ਮਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਇਹ ਫ਼ੈਸਲਾ ਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਲਈ ਅਹਿਮ ਮਹੱਤਵ ਰੱਖਦਾ ਹੈ। ਇਨਸੋਰਸ ਹੋਏ ਸਫ਼ਾਈ ਸੇਵਕਾਂ ਦੇ ਪੰਜਾਬ ਪ੍ਰਧਾਨ ਸੰਜੀਵ ਕੁਮਾਰ ਰੱਤੀ, ਯੂਨੀਅਨ ਪ੍ਰਧਾਨ ਪ੍ਰਵੀਨ ਕੁਮਾਰ ਅਤੇ ਮੁੱਖ ਸਲਾਹਕਾਰ ਮੁਕੇਸ਼ ਕੁਮਾਰ ਰੱਤੀ ਵੱਲੋਂ ਪੰਜਾਬ ਸਰਕਾਰ, ਵਿਧਾਇਕ ਡਾ. ਵਿਜੈ ਸਿੰਗਲਾ, ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਭੂਸ਼ਣ ਮੱਤੀ, ਸਾਬਕਾ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਵਿਸ਼ੇਸ਼ ਧੰਨਵਾਦ ਕੀਤਾ।
ਇਸੇ ਦੌਰਾਨ ਮੀਟਿੰਗ ’ਚ ਹੰਗਾਮਾ ਹੋ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਅਤੇ ਮਹਿਲਾ ਕੌਂਸਲਰਾਂ ਨੇ ਵਿਧਾਇਕ ਡਾ. ਵਿਜੈ ਸਿੰਗਲਾ ਵੱਲੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਬਾਹਰ ਕੱਢਣ ਦੇ ਦੋਸ਼ ਲਾਏ। ਇਸ ਸਬੰਧੀ ਉਨ੍ਹਾਂ ਨੇ ਸੈਕਟਰੀ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਅਤੇ ਡੀ ਸੀ ਮਾਨਸਾ ਨੂੰ ਪੱਤਰ ਲਿਖ ਕੇ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵਿਧਾਇਕ ਡਾ. ਵਿਜੈ ਸਿੰਗਲਾ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਵੱਲੋਂ ਮੀਟਿੰਗ ਰੱਖੀ ਗਈ ਸੀ। ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਾਗਰ ਭੋਲਾ, ਰੁਪਿੰਦਰ ਕੌਰ ਢਿੱਲੋਂ, ਸੁਰੇਸ਼ ਰਾਣੀ, ਮੋਨੂੰ ਰਾਣੀ, ਹਰਬੰਸ ਸਿੰਘ ਪੰਮੀ, ਰੋਮਾ ਅਗਰਵਾਲ, ਸਿੰਦਰਪਾਲ ਕੌਰ ਅਤੇ ਗੁਰਜੀਤ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਵਿਧਾਇਕ ਨੇ ਕਥਿਤ ਤੌਰ ’ਤੇ ਬਿਨਾਂ ਕਿਸੇ ਗੱਲ ਸੁਣੇ ਮੀਟਿੰਗ ਵਿੱਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਵੱਲੋਂ ਸਿਰਫ਼ ਮੀਟਿੰਗ ਵਿੱਚ ਪਿਛਲੀ ਮੀਟਿੰਗ ਦੀ ਕਾਰਵਾਈ ਨਾ ਭੇਜਣ, ਕੌਸਲਰਾਂ ਦੇ ਇਤਰਾਜ਼ ਨਾ ਲਿਖਣ, ਬਹੁਮਤ ਵੱਲੋਂ ਲਾਏ ਇਤਰਾਜ਼ ਅਤੇ ਹੋਰ ਮੁੱਦਿਆਂ ਦੀ ਗੱਲ ਕੀਤੀ ਗਈ ਸੀ। ਉਨ੍ਹਾਂ ਬਾਹਰ ਆ ਕੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੱਤਰ ਦੇ ਮਾਧਿਆਮ ਰਾਹੀਂ ਮੰਗ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਕੇ ਮੀਟਿੰਗ ਦੀ ਵੀਡੀਓ ਰਿਕਾਰਡਿੰਗ ਅਤੇ ਹਜ਼ਾਰੀ ਰਜਿਸਟਰ ਅਤੇ ਸਬੰਧਿਤ ਰਿਕਾਰਡ ਸੁਰੱਖਿਅਤ ਕਰਵਾਇਆ ਜਾਵੇ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਕਿਸੇ ਕੌਸਲਰ ਨਾਲ ਕੋਈ ਦੁਰਵਿਹਾਰ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਰੱਖੀ ਮੀਟਿੰਗ ਵਿੱਚ ਗ਼ਲਤ ਵਿਹਾਰ ਕੀਤਾ ਗਿਆ ਅਤੇ ਮੀਟਿੰਗ ਚੱਲਣ ਤੋਂ ਰੋਕਣ ਲਈ ਬਾਹਰ ਜਾ ਕੇ ਨਾਅਰੇਬਾਜ਼ੀ ਕੀਤੀ।
ਵਾਟਰ ਟਰੀਟਮੈਂਟ ਪਲਾਂਟ ਦੇ ਮਤੇ ’ਤੇ ਹੰਗਾਮਾ
ਤਪਾ ਮੰਡੀ (ਰੋਹਿਤ ਗੋਇਲ): ਨਗਰ ਕੌਂਸਲ ਤਪਾ ਵਿੱਚ ਵਾਟਰ ਟਰੀਟਮੈਂਟ ਪਲਾਂਟ ਸਬੰਧੀ ਮਤੇ ’ਤੇ ਹੋਈ ਮੀਟਿੰਗ ਦੌਰਾਨ ਈ ਓ ਤੇ ਕੁਝ ਕੌਂਸਲਰਾਂ ਵਿਚਕਾਰ ਤਕਰਾਰ ਹੋ ਗਈ। ਕੌਂਸਲਰਾਂ ਧਰਮਪਾਲ ਸ਼ਰਮਾ ਅਤੇ ਗੁਰਮੀਤ ਸਿੰਘ ਰੋਡ ਨੇ ਕਿਹਾ ਕਿ ਲਗਪਗ 15 ਦਿਨ ਪਹਿਲਾਂ ਉਨ੍ਹਾਂ ਵੱਲੋਂ ਐੱਸ ਡੀ ਐੱਮ ਤਪਾ, ਏ ਡੀ ਸੀ ਬਰਨਾਲਾ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਈ ਓ ਦੀ ਬਦਲੀ ਦੀ ਮੰਗ ਕੀਤੀ ਗਈ ਸੀ। ਦੂਜੇ ਪਾਸੇ, ਈ ਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਚਾਰ ਸ਼ਹਿਰਾਂ ਦੇ ਗੰਦੇ ਪਾਣੀ ਦੇ ਨਿਬੇੜੇ ਲਈ ਹੰਡਿਆਇਆ ਵਿੱਚ ਵਾਟਰ ਟਰੀਟਮੈਂਟ ਪਲਾਂਟ ਲਾਇਆ ਜਾਣਾ ਹੈ, ਜਿਸ ਲਈ ਤਪਾ ਵੱਲੋਂ ਤਿੰਨ ਏਕੜ ਜ਼ਮੀਨ ਲੈਣ ਸਬੰਧੀ ਮਤਾ ਰੱਖਿਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਦੋ ਕੌਂਸਲਰਾਂ ਨੇ ਮੀਟਿੰਗ ਦਾ ਮਾਹੌਲ ਖ਼ਰਾਬ ਕੀਤਾ। ਉਨ੍ਹਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ।
ਕੌਂਸਲ ਪ੍ਰਧਾਨ ਬਲਜੀਤ ਸਿੰਘ ਬਾਸੀ ਨੇ ਕਿਹਾ ਕਿ ਮੀਟਿੰਗ ਦੌਰਾਨ ਤਕਰਾਰ ਹੋਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।

