Mansa ਨੂੰ ਆਧੁਨਿਕ Trauma Centre ਮਿਲਣ ਦੀ ਆਸ
ਵਿਧਾਇਕ ਬੁੱਧ ਰਾਮ ਨੇ ਵਿਧਾਨ ਸਭਾ ਵਿੱਚ ਮਾਮਲਾ ਚੁੱਕਣ ਦਾ ਭਰੋਸਾ ਦਿੱਤਾ
ਸਿਹਤ ਸਹੂਲਤਾਂ ਪੱਖੋਂ ਪਛੜੇ ਹੋਏ ਮਾਨਸਾ ਜ਼ਿਲ੍ਹੇ ਨੂੰ ਜਲਦੀ ਹੀ ਆਧੁਨਿਕ ਟਰੌਮਾ ਸੈਂਟਰ ਮਿਲਣ ਦੀ ਆਸ ਬੱਝੀ ਹੈ। ਪਿੰਡ ਖਿਆਲਾ ਕਲਾਂ ਦੇ ਸਰਕਾਰੀ ਹਸਪਤਾਲ ਨੂੰ ਟਰੌਮਾ ਸੈਂਟਰ ਵਜੋਂ ਅੱਪਗ੍ਰੇਡ ਕਰਵਾਉਣ ਲਈ ਪਿਛਲੇ ਦੋ ਮਹੀਨਿਆਂ ਤੋਂ ਸੰਘਰਸ਼ ਕਰ ਰਹੀ ਕਮੇਟੀ ਦੇ ਆਗੂਆਂ ਬਿੱਕਰ ਸਿੰਘ ਖਿਆਲਾ, ਹੰਸ ਰਾਜ ਮੋਫਰ ਅਤੇ ਕੇਵਲ ਸਿੰਘ ਸਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੰਗ ਪੱਤਰ ਲੈ ਕੇ ਵਿਧਾਇਕ ਵਿਜੈ ਸਿੰਗਲਾ, ਪ੍ਰਿੰਸੀਪਲ ਬੁੱਧ ਰਾਮ ਅਤੇ ਗੁਰਪ੍ਰੀਤ ਸਿੰਘ ਬਣਾਵਾਲੀ ਤੱਕ ਪਹੁੰਚ ਕੀਤੀ, ਜਿਨ੍ਹਾਂ ਨੇ ਇਸ ਮੰਗ ਦਾ ਭਰਵਾਂ ਸਮਰਥਨ ਕੀਤਾ। ਪ੍ਰਿੰਸੀਪਲ ਬੁੱਧ ਰਾਮ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੱਖਾਂ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਵਿਧਾਨ ਸਭਾ ਵਿੱਚ ਚੁੱਕਣਗੇ।
ਆਗੂਆਂ ਧੰਨਾ ਮੱਲ ਗੋਇਲ, ਸੁੱਖੀ ਖਿਆਲਾ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ 70 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਹਸਪਤਾਲ ਨੂੰ ਟਰੌਮਾ ਸੈਂਟਰ ਬਣਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ 55 ਪਿੰਡਾਂ ਦੇ ਲੋਕਾਂ ਨੇ ਐਮਰਜੈਂਸੀ ਸਿਹਤ ਸਹੂਲਤਾਂ ਦੇਣ ਦੀ ਆਵਾਜ਼ ਬੁਲੰਦ ਕੀਤੀ ਹੈ। ਮਾਨਸਾ ਜ਼ਿਲ੍ਹੇ ਵਿੱਚ ਵਧੀਆ ਸਰਕਾਰੀ ਹਸਪਤਾਲ ਨਾ ਹੋਣ ਕਾਰਨ 90 ਫ਼ੀਸਦੀ ਮਰੀਜ਼ਾਂ ਨੂੰ ਪਟਿਆਲਾ ਜਾਂ ਲੁਧਿਆਣਾ ਰੈਫ਼ਰ ਕਰ ਦਿੱਤਾ ਜਾਂਦਾ ਹੈ। ਅੱਜ ਹੋਈ ਮੀਟਿੰਗ ਦੌਰਾਨ ਬੁਲਾਰਿਆਂ ਨੇ ਦੱਸਿਆ ਕਿ ਮੌਕੇ ਉੱਤੇ ਲੋੜੀਂਦੀਆਂ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਹੁਣ ਤੱਕ ਸੈਂਕੜੇ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਓਲੰਪੀਅਨ ਸਵਰਨ ਸਿੰਘ ਵਿਰਕ, ਗੁਰਪ੍ਰੀਤ ਸਿੰਘ ਭੰਮਾ, ਐਡਵੋਕੇਟ ਲਖਵਿੰਦਰ ਲਖਨਪਾਲ ਅਤੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਸਿੰਘ ਭਾਰਤੀ ਨੇ ਕਿਹਾ ਕਿ ਭੋਜਨ ਤੋਂ ਬਾਅਦ ਸਿਹਤ ਸਹੂਲਤਾਂ ਮਨੁੱਖ ਦੀ ਵੱਡੀ ਲੋੜ ਹਨ।

