
ਜੋਗਿੰਦਰ ਸਿੰਘ ਮਾਨ
ਮਾਨਸਾ, 25 ਮਾਰਚ
ਮਾਨਸਾ ਨੇੜਲੇ ਪਿੰਡ ਕੋਟਲੀ ਕਲਾਂ ਵਿੱਚ ਕਤਲ ਕੀਤੇ ਛੇ ਸਾਲਾਂ ਦੇ ਬੱਚੇ ਹਰਉਦੈਵੀਰ ਦੇ ਕਤਲ ਦੇ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਪਰਿਵਾਰ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ਜਾਮ ਕੀਤਾ ਗਿਆ। ਇਹ ਜਾਮ ਪਿੰਡ ਕੋਟਲੀ ਕਲਾਂ ਨੇੜੇ ਪੈਂਦੇ ਪਿੰਡ ਪਿੰਡ ਭਾਈਦੇਸਾ ਵਿਖੇ ਲਗਾਇਆ ਗਿਆ। ਪਰਿਵਾਰ ਨੇ ਹਰਉਦੈਵੀਰ ਸਿੰਘ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਅਤੇ ਮੁੱਖ ਮੁਲਜ਼ਮਾਂ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।
ਪਰਿਵਾਰ ਵਲੋਂ ਦੋਸ਼ ਲਗਾਇਆ ਗਿਆ ਕਿ ਮੁੱਖ ਮੁਲਜ਼ਮਾਂ ਨੂੰ ਪੁਲੀਸ ਫੜ ਨਹੀਂ ਰਹੀ, ਜਿਸ ਕਾਰਨ ਅੱਜ ਉਨ੍ਹਾਂ ਨੂੰ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਤਲ ਕੀਤੇ ਬੱਚੇ ਦੇ ਪਿਤਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਦਿਨ ਹੀ ਪੁਲੀਸ ਨੂੰ ਮੁੱਖ ਮੁਲਜ਼ਮਾਂ ਬਾਰੇ ਦੱਸ ਦਿੱਤਾ ਸੀ ਪਰ ਪੁਲੀਸ ਵਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਪਰਿਵਾਰ ਅਤੇ ਇਕੱਤਰ ਲੋਕਾਂ ਨੇ ਮੰਗ ਕੀਤੀ ਕਿ ਕੱਲ੍ਹ ਭੋਗ ਤੋਂ ਪਹਿਲਾਂ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸੇ ਦੌਰਾਨ ਹੀ ਥਾਣਾ ਸਦਰ ਮਾਨਸਾ ਦੇ ਮੁਖੀ ਪਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਪੁਲੀਸ ਦੀ ਜਾਂਚ ਦੌਰਾਨ ਹੀ ਕਤਲ ਦੇ ਮੁੱਖ ਮੁਲਜ਼ਮ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਦੋ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਦੋ ਫ਼ਰਾਰ ਹਨ। ਉਨ੍ਹਾਂ ਨੂੰ ਫੜਨ ਲਈ ਲਗਾਤਾਰ ਛਾਪੇ ਜਾਰੀ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ