ਮਾਨਸਾ: ਰੇਲਵੇ ਅੰਡਰਪਾਸ ਨੇੜੇ ਨਹਿਰ ’ਚ ਪਾੜ ਪਿਆ
ਇੱਥੋਂ ਦੇ ਰੇਲਵੇ ਫਾਟਕ ਨੰਬਰ-206 (ਚੁਕੇਰੀਆਂ) ਨੇੜੇ ਬਣਾਏ ਜਾ ਰਹੇ ਅੰਡਰਪਾਸ ਕੋਲੋਂ ਲੰਘਦੀ ਨਹਿਰ ਵਿੱਚ ਅਚਾਨਕ ਪਾੜ ਪੈ ਗਿਆ ਤੇ ਪਾੜ ਕਾਰਨ ਅੰਡਰਪਾਸ ਪਾਣੀ ਨਾਲ ਭਰ ਗਿਆ। ਪਾਣੀ ਭਰਨ ਕਾਰਨ ਉੱਥੇ ਕੰਮ ਕਰ ਰਹੀ ਪੋਕਲੇਨ ਮਸ਼ੀਨ ਵੀ ਡੁੱਬ ਗਈ ਪਰ...
ਇੱਥੋਂ ਦੇ ਰੇਲਵੇ ਫਾਟਕ ਨੰਬਰ-206 (ਚੁਕੇਰੀਆਂ) ਨੇੜੇ ਬਣਾਏ ਜਾ ਰਹੇ ਅੰਡਰਪਾਸ ਕੋਲੋਂ ਲੰਘਦੀ ਨਹਿਰ ਵਿੱਚ ਅਚਾਨਕ ਪਾੜ ਪੈ ਗਿਆ ਤੇ ਪਾੜ ਕਾਰਨ ਅੰਡਰਪਾਸ ਪਾਣੀ ਨਾਲ ਭਰ ਗਿਆ। ਪਾਣੀ ਭਰਨ ਕਾਰਨ ਉੱਥੇ ਕੰਮ ਕਰ ਰਹੀ ਪੋਕਲੇਨ ਮਸ਼ੀਨ ਵੀ ਡੁੱਬ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਅਨੁਸਾਰ ਸ਼ਹਿਰ ’ਚ ਚੁਕੇਰੀਆਂ ਫਾਟਕ ਨੇੜਿਓਂ ਲੰਘਦੀ ਨਹਿਰ ਵਿੱਚ 30 ਫੁੱਟ ਪਾੜ ਕਾਰਨ ਅੰਡਰਪਾਸ ਵਿੱਚ ਪਾਣੀ ਤੇਜ਼ੀ ਨਾਲ ਭਰ ਗਿਆ। ਘਟਨਾ ਸਮੇਂ ਉੱਥੇ ਕੰਮ ਕਰ ਰਹੇ ਮਜ਼ਦੂਰ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ।
ਸਥਾਨਕ ਲੋਕਾਂ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਦੀਪਾਵਲੀਅਨ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਅੰਡਰਪਾਸ ’ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਦੋਂ ਅਚਾਨਕ ਨਹਿਰ ਟੁੱਟ ਗਈ ਅਤੇ ਪਾਣੀ ਤੇਜ਼ੀ ਨਾਲ ਭਰਨਾ ਸ਼ੁਰੂ ਹੋ ਗਿਆ। ਉਨ੍ਹਾਂ ਕਿਹਾ ਕਿ ਕੁਝ ਬੱਚੇ ਨੇੜੇ ਹੀ ਨਹਾ ਰਹੇ ਸਨ ਅਤੇ ਮੌਕੇ ਤੋਂ ਭੱਜ ਗਏ।
ਸਥਾਨਕ ਲੋਕਾਂ ਨੇ ਤੁਰੰਤ ਨਹਿਰੀ ਵਿਭਾਗ ਨੂੰ ਸੂਚਿਤ ਕੀਤਾ ਅਤੇ ਪਾਣੀ ਬੰਦ ਕਰਨ ਦੀ ਮੰਗ ਕੀਤੀ, ਪਰ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਨਹਿਰੀ ਵਿਭਾਗ ਦੇ ਅਧਿਕਾਰੀ ਸਤਿਗੁਰੂ ਸਿੰਘ ਨੇ ਕਿਹਾ ਕਿ ਨਹਿਰ ਦੇ ਪਾੜ ਦੀ ਸੂਚਨਾ ਮਿਲਦੇ ਹੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਦਾ ਕੰਮ ਜਾਰੀ ਹੈ ਅਤੇ ਰੇਲਵੇ ਵਿਭਾਗ ਜਲਦੀ ਹੀ ਇਸ ਨਹਿਰ ਵਿੱਚ ਪਏ ਪਹਾੜ ਨੂੰ ਬੰਦ ਕਰ ਦੇਵੇਗਾ।

