ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਲਈ ਸੁਚਾਰੂ ਬਿਜਲੀ ਸਪਲਾਈ ਦੇ ਮੰਤਵ ਤਹਿਤ ਇਥੇ ਪੁਰਾਣੀ ਟਰੱਕ ਯੂਨੀਅਨ ਨੇੜੇ ਹਨੂੰਮਾਨ ਚੌਕ ’ਤੇ 66 ਕੇਵੀ ਗਰਿੱਡ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਖਜ਼ਾਨਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਹੂਲਤਾਂ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਹੇਠ ਇਹ ਗਰਿੱਡ ਸਬ ਸਟੇਸ਼ਨ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਠਿੰਡਾ ਵਿੱਚ ਕਈ ਪ੍ਰਾਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿੱਚ ਇਹ ਹਨੂੰਮਾਨ ਚੌਕ ’ਚ ਕਰੀਬ 7.5 ਕਰੋੜ ਰੁਪਏ ਦੀ ਲਾਗਤ ਨਾਲ 66 ਕੇਵੀ ਸਬ ਸਟੇਸ਼ਨ ਬਣੇਗਾ। ਇਸ ਮੌਕੇ ਡਾਇਰੈਕਟਰ ਡਿਸਟਰੀਬਿਊਸ਼ਨ ਇੰਜ. ਡੀਪੀਐਸ ਗਰੇਵਾਲ ਨੇ ਦੱਸਿਆ ਕਿ ਇਸ ਗਰਿੱਡ ਨੂੰ ਜੋੜਨ ਲਈ ਬੀਬੀ ਵਾਲਾ ਚੌਕ ਤੋਂ 66 ਕੇਵੀ ਲਾਈਨ ਅੰਡਰਗਰਾਊਂਡ ਪਾਈ ਜਾਵੇਗੀ। -ਨਿੱਜੀ ਪੱਤਰ ਪ੍ਰੇਰਕ