ਮਨਪ੍ਰੀਤ ਬਾਦਲ ਵੱਲੋਂ ਵਿਕਾਸ ਪ੍ਰਾਜੈਕਟਾਂ ਦਾ ਨਿਰੀਖਣ

ਮਨਪ੍ਰੀਤ ਬਾਦਲ ਵੱਲੋਂ ਵਿਕਾਸ ਪ੍ਰਾਜੈਕਟਾਂ ਦਾ ਨਿਰੀਖਣ

ਉਸਾਰੀ ਅਧੀਨ ਰਿੰਗ ਰੋਡ ਦਾ ਜਾਇਜ਼ਾ ਲੈਂਦੇ ਹੋਏ ਮਨਪ੍ਰੀਤ ਸਿੰਘ ਬਾਦਲ। -ਫੋਟੋ: ਪੰਜਾਬੀ ਟ੍ਰਿਬਿਊਨ

ਸ਼ਗਨ ਕਟਾਰੀਆ
ਬਠਿੰਡਾ, 2 ਜੂਨ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਮੌਕੇ ’ਤੇ ਜਾ ਕੇ ਮੁਆਇਨਾ ਕੀਤਾ ਅਤੇ ਸਬੰਧਿਤ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਕਾਰਜ ਸਮਾਂ-ਬੱਧ ਮੁਕੰਮਲ ਕੀਤੇ ਜਾਣ।

ਕੌਮੀ ਰਾਜ ਮਾਰਗ ਨੰਬਰ-7 ਨੂੰ ਡੱਬਵਾਲੀ-ਮਾਨਸਾ ਰੋਡ ਨਾਲ ਆਈਟੀਆਈ ਚੌਕ ਤੱਕ ਜੋੜਨ ਵਾਲੀ ਰਿੰਗ ਰੋਡ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਸ੍ਰੀ ਬਾਦਲ ਨੇ ਲੋਕ ਨਿਰਮਾਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਸੜਕ ਦਾ ਕੰਮ 4 ਮਹੀਨਿਆਂ ਵਿਚ ਮੁਕੰਮਲ ਕੀਤਾ ਜਾਵੇ। ਉਨ੍ਹਾਂ ਇਸ ਮੌਕੇ ਬਿਜਲੀ ਨਿਗਮ ਨੂੰ ਤੁਰੰਤ ਖੰਭੇ ਹਟਾਉਣ ਲਈ ਵੀ ਕਿਹਾ। 95 ਕਰੋੜ ਨਾਲ ਤਿਆਰ ਹੋਣ ਵਾਲੀ ਇਸ 4.72 ਕਿਲੋਮੀਟਰ ਲੰਬੀ ਸੜਕ ਨਾਲ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਘਟੇਗੀ ਤੇ ਦਰੱਖਤਾਂ ਦੀ ਹਰੀ ਪੱਟੀ ਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ। ਸ੍ਰੀ ਬਾਦਲ ਨੇ ਦੱਸਿਆ ਕਿ ਇਸ ਰੋਡ ’ਤੇ ਇਕ ਰੇਲਵੇ ਅੰਡਰ ਬ੍ਰਿਜ ਵੀ ਬਣਨਾ ਹੈ।

ਵਿੱਤ ਮੰਤਰੀ ਨੇ ਸ਼ਹਿਰ ਤੋਂ ਪਾਣੀ ਦੀ ਨਿਕਾਸੀ ਲਈ ਬਣੇ ਡਿਸਪੋਜ਼ਲ ਵਰਕਸ ਦਾ ਵੀ ਦੌਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਕੰਮ ਬਰਸਾਤਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਪੂਰਾ ਕੀਤਾ ਜਾਵੇ।

ਸ੍ਰੀ ਬਾਦਲ ਨੇ ਸਬਜ਼ੀ ਮੰਡੀ ਵਿਚ ਬਣ ਰਹੀ ਫੜ੍ਹੀ ਮਾਰਕਿਟ ਦਾ ਵੀ ਦੌਰਾ ਕੀਤਾ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇੱਥੇ 150 ਲੱਖ ਰੁਪਏ ਦੀ ਲਾਗਤ ਨਾਲ 320 ਫੜ੍ਹੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕੰਮ 30 ਜੂਨ ਤੱਕ ਮੁਕੰਮਲ ਹੋ ਜਾਵੇਗਾ। ਇਸੇ ਤਰ੍ਹਾਂ ਥੋਕ ਸਬਜ਼ੀ ਮੰਡੀ ਵਿਚ ਭੀੜ ਘਟਾਉਣ ਤੇ ਮਾਲ ਰੋਡ ਦੇ ਸਰਕਾਰੀ ਸਕੂਲ ਦੀ ਨਵੀਂ ਇਮਾਰਤ ਬਣਾਉਣ ਸਬੰਧੀ ਵੀ ਅਧਿਕਾਰੀਆਂ ਨਾਲ ਚਰਚਾ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All