ਫੰਡਾਂ ’ਚ ਹੇਰਾਫੇਰੀ: ਕਿਸਾਨ ਜਥੇਬੰਦੀ ਡਕੌਂਦਾ ਦੇ ਅਹੁਦੇਦਾਰਾਂ ਦੀ ਛੁੱਟੀ : The Tribune India

ਫੰਡਾਂ ’ਚ ਹੇਰਾਫੇਰੀ: ਕਿਸਾਨ ਜਥੇਬੰਦੀ ਡਕੌਂਦਾ ਦੇ ਅਹੁਦੇਦਾਰਾਂ ਦੀ ਛੁੱਟੀ

ਫੰਡਾਂ ’ਚ ਹੇਰਾਫੇਰੀ: ਕਿਸਾਨ ਜਥੇਬੰਦੀ ਡਕੌਂਦਾ ਦੇ ਅਹੁਦੇਦਾਰਾਂ ਦੀ ਛੁੱਟੀ

ਬਠਿੰਡਾ ਵਿੱਚ ਬੁੱਧਵਾਰ ਨੂੰ ਮੀਟਿੰਗ ਦੌਰਾਨ ਹਾਜ਼ਰ ਜਥੇਬੰਦੀ ਦੀਆਂ ਇਕਾਈਆਂ ਦੇ ਆਗੂ। -ਫੋਟੋ: ਪੰਜਾਬੀ ਟ੍ਰਿਬਿਊਨ

ਸ਼ਗਨ ਕਟਾਰੀਆ

ਬਠਿੰਡਾ, 30 ਨਵੰਬਰ

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ’ਤੇ ਕਥਿਤ ਫੰਡਾਂ ’ਚ ਹੇਰਾਫੇਰੀ ਦੇ ਦੋਸ਼ ਹੇਠ ਅੱਜ ਉਨ੍ਹਾਂ ਸਮੇਤ ਜ਼ਿਲ੍ਹਾ ਕਮੇਟੀ ਨੂੰ ਭੰਗ ਕਰਕੇ ਨਵੇਂ ਅਹੁਦੇਦਾਰ ਚੁਣ ਦਿੱਤੇ ਗਏ। ਚੋਣ ਨਿਗਰਾਨ ਵਜੋਂ ਪੁੱਜੇ ਜਥੇਬੰਦੀ ਦੇ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਇਥੇ ਹਾਜ਼ਰ ਸਨ। ਉਨ੍ਹਾਂ ਪਹਿਲੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ’ਤੇ ਇਲਜ਼ਾਮ ਲਾਇਆ ਕਿ ਵਾਰ-ਵਾਰ ਕਹਿਣ ’ਤੇ ਵੀ ਉਹ ਕਥਿਤ ਇਕੱਠੇ ਹੋਏ ਕਰੀਬ ਛੇ ਲੱਖ ਦੇ ਫੰਡ ਤੋਂ ਇਲਾਵਾ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਕਿਸਾਨ ਅੰਦੋਲਨ ਦਾ ਹਿਸਾਬ ਦੇਣ ਅਤੇ ਜਮ੍ਹਾਂ ਕਰਾਉਣ ਤੋਂ ਟਾਲ-ਮਟੋਲ ਕਰ ਰਹੇ ਸਨ।

ਉਨ੍ਹਾਂ ਸ੍ਰੀ ਭਾਈਰੂਪਾ ’ਤੇ ਸਿਆਸੀ ਸਰਗਰਮੀਆਂ ’ਚ ਹਿੱਸਾ ਲੈਣ, ਜਥੇਬੰਦੀ ’ਚ ਗੁੱਟਬੰਦੀ ਪੈਦਾ ਕਰਨ ਵਰਗੇ ਦੋਸ਼ ਵੀ ਲਾਏ। ਉਨ੍ਹਾਂ ਦੱਸਿਆ ਕਿ ਸੱਦੇ ਜਾਣ ’ਤੇ ਵੀ ਉਹ ਮੀਟਿੰਗਾਂ ’ਚ ਨਹੀਂ ਆਉਂਦੇ ਸਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਜਥੇਬੰਦੀ ਦੀ ਅੱਠ ਮੈਂਬਰੀ ਸੂਬਾ ਕਮੇਟੀ ਦੇ ਧਿਆਨ ’ਚ ਆਇਆ ਤਾਂ ਉਸ ਨੇ ਕਾਰਵਾਈ ਕਰਨ ਲਈ ਕਿਹਾ।

ਉਨ੍ਹਾਂ ਦੱਸਿਆ ਕਿ ਅੱਜ ਇੱਥੇ ਗੁਰਦੁਆਰਾ ਹਾਜੀਰਤਨ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਮੀਤ ਪ੍ਰਧਾਨ ਜਗਜੀਤ ਸਿੰਘ ਜੱਗਾ ਭੁੱਚੋ ਖੁਰਦ ਦੀ ਪ੍ਰਧਾਨਗੀ ਤਹਿਤ ਹੋਈ ਅਤੇ ਇਸ ਵਿੱਚ ਜ਼ਿਲ੍ਹੇ ਦੀਆਂ 40 ਇਕਾਈਆਂ ਦੇ ਆਗੂ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਸਰਬਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਬਲਵਿੰਦਰ ਸਿੰਘ ਫੌਜੀ ਜੇਠੂਕੇ ਨੂੰ ਜ਼ਿਲ੍ਹਾ ਪ੍ਰਧਾਨ, ਹਰਵਿੰਦਰ ਸਿੰਘ ਕੋਟਲੀ ਨੂੰ ਜ਼ਿਲ੍ਹਾ ਜਨਰਲ ਸਕੱਤਰ, ਬੂਟਾ ਸਿੰਘ ਤੁੰਗਵਾਲੀ ਨੂੰ ਸੀਨੀਅਰ ਮੀਤ ਪ੍ਰਧਾਨ, ਤਰਸੇਮ ਚੰਦ ਬੁਰਜ ਮਾਨਸ਼ਾਹੀਆ ਨੂੰ ਖ਼ਜ਼ਾਨਚੀ, ਨਾਹਰ ਸਿੰਘ ਭਾਈਰੂਪਾ ਨੂੰ ਮੀਤ ਪ੍ਰਧਾਨ, ਗੁਰਨਾਮ ਸਿੰਘ ਮਹਿਰਾਜ ਨੂੰ ਜੁਆਇੰਟ ਸਕੱਤਰ, ਰਾਜਵਿੰਦਰ ਸਿੰਘ ਕਰਾੜਵਾਲਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚੋਂ ਹਟਾਏ ਗਏ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਅਤੇ ਖ਼ਜ਼ਾਨਚੀ ਫੂਲਾ ਸਿੰਘ ਰਾਜਗੜ੍ਹ ਕੁੱਬੇ ਗ਼ੈਰ ਹਾਜ਼ਰ ਸਨ।

ਆਪਣੇ ’ਤੇ ਲੱਗ ਰਹੇ ਇਲਜ਼ਾਮਾਂ ਨੂੰ ਸਿਰੇ ਤੋਂ ਦਰਕਿਨਾਰ ਕਰਦਿਆਂ ਬਲਦੇਵ ਸਿੰਘ ਭਾਈਰੂਪਾ ਨੇ ਇਸ ਨੂੰ ਗ਼ੈਰ ਸੰਵਿਧਾਨਕ ਅਤੇ ਇਕ ਪਾਸੜ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਮੇਟੀ ਦੀ ਚੋਣ ਹਮੇਸ਼ਾ ਡੈਲੀਗੇਟ ਕਰਿਆ ਕਰਦੇ ਹਨ ਅਤੇ ਅੱਜ ਦੀ ਕਾਰਵਾਈ ਰਾਹੀਂ ਉਨ੍ਹ੍ਵਾਂ ਨੂੰ ਸਾਜਿਸ਼ ਦਾ ਸ਼ਿਕਾਰ ਬਣਾਇਆ ਗਿਆ ਹੈ। ਉਨ੍ਹਾਂ ਫੰਡਾਂ ’ਚ ਗੜਬੜੀ ਦੇ ਦੋਸ਼ਾਂ ਨੂੰ ਚੈਲਿੰਜ ਕੀਤਾ ਕਿ ਇਸ ਬਾਰੇ ਦੋਸ਼ ਲਾਉਣ ਵਾਲੇ ਕੋਈ ਪ੍ਰਮਾਣ ਤਾਂ ਪੇਸ਼ ਕਰਨ।

ਭਾਕਿਯੂ ਸਿੱਧੂਪੁਰ ਵੱਲੋਂ ਪਿੰਡ ਬਰਨਾਲਾ ਇਕਾਈ ਦੀ ਚੋਣ

ਮਾਨਸਾ (ਪੱਤਰ ਪ੍ਰੇਰਕ): ਮਾਨਸਾ ਨੇੜਲੇ ਪਿੰਡ ਬਰਨਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਨਵੀਂ ਪਿੰਡ ਇਕਾਈ ਦਾ ਗਠਨ ਕੀਤਾ ਗਿਆ, ਜਿਸ ਦੌਰਾਨ ਪ੍ਰਧਾਨ ਯਾਦਵਿੰਦਰ ਸਿੰਘ, ਜਨਰਲ ਸਕੱਤਰ ਨਿਰਮਲ ਸਿੰਘ, ਖਜ਼ਾਨਚੀ ਧਰਮਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਜੀਤ ਕਾਕਾ, ਪ੍ਰੈੱਸ ਸਕੱਤਰ ਵੀਜ਼ਾ ਸਿੰਘ, ਮੀਤ ਪ੍ਰਧਾਨ ਮੱਖਣ ਸਿੰਘ ਅਤੇ ਕਮੇਟੀ ਮੈਂਬਰ ਗੋਲਾ ਸਿੰਘ,ਅਜੈਬ ਸਿੰਘ,ਬਲਵੀਰ ਮਾਨਸ਼ਾਹੀਆ,ਬਿੱਲੂ ਸਿੰਘ ਨੂੰ ਚੁਣਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All