ਪੱਤਰ ਪ੍ਰੇਰਕ
ਮਮਦੋਟ, 24 ਅਗਸਤ
ਗੁਰੂਹਰਸਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਪੰਚਾਇਤਾਂ ਦੁਆਰਾ ਸਾਢੇ ਚਾਰ ਸਾਲਾਂ ਵਿਚ ਜਿੰਨੇ ਕੰਮ ਕਰਵਾਏ ਗਏ ਹਨ, ਉਨੇ ਹੀ ਕੰਮ ਪ੍ਰਬੰਧਕਾਂ ਚਾਰ ਮਹੀਨਿਆਂ ਦੇ ਸਮੇਂ ਵਿੱਚ ਕਰਵਾ ਕੇ ਆਉਣ ਵਾਲੀਆਂ ਪੰਚਾਇਤਾਂ ਲਈ ਮਿਸਾਲ ਪੈਦਾ ਕਰਨਗੇ ਕਿ ਜੇਕਰ ਇਮਾਨਦਾਰੀ ਨਾਲ ਕੰਮ ਕੀਤੇ ਜਾਣ ਤਾਂ ਵਿਕਾਸ ਕੰਮ ਵੱਡੇ ਪੱਧਰ ਤੇ ਹੋ ਸਕਦੇ ਹਨ। ਸਾਬਕਾ ਮੰਤਰੀ ਨੇ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਮਮਦੋਟ ਵਿੱਚ ਮੀਟਿੰਗ ਮੌਕੇ ਕਿਹਾ ਕਿ ਪਿਛਲੀ ਸਰਕਾਰ ਮੌਕੇ ਪੰਚਾਇਤਾਂ ਲੋਕਤੰਤਰੀ ਢੰਗ ਨਾਲ ਨਹੀਂ ਚੁਣੀਆਂ ਗਈਆਂ ਅਤੇ ਉਨ੍ਹਾਂ ਨੇ ਸਿਆਸੀ ਦਬਾਅ ਹੇਠ ਕੰਮ ਕੀਤਾ ਹੈ ਜਿਸ ਕਾਰਨ ਪਿੰਡਾਂ ਦਾ ਸਹੀ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਆਖਿਆ ਕਿ ਬਹੁਤ ਸਾਰੀਆਂ ਪੰਚਾਇਤਾਂ ਵੱਲੋਂ ਕੰਮ ਨਾ ਕਰਨ ਦੀ ਨੀਅਤ ਕਾਰਨ ਫੰਡਾਂ ਦੀ ਵਰਤੋਂ ਨਹੀਂ ਕੀਤੀ ਗਈ।