Mamdot News: ਸਰਹੱਦੀ ਕਸਬਾ ਮਮਦੋਟ ਬੁਨਿਆਦੀ ਸਹੂਲਤਾਂ ਨੂੰ ਤਰਸਿਆ
ਸ਼ਹਿਰ ਵਾਸੀ ਪਾਰਕ, ਸਰਕਾਰੀ ਬੱਸ ਅੱਡੇ, ਗਰਾਊਂਡ ਤੋਂ ਸੱਖਣੇ; ਚੋਣ ਵਾਅਦੇ ਭਰੋਸਿਆਂ ਤੱਕ ਸੀਮਤ
ਭਾਰਤ-ਪਾਕਿਸਤਾਨ ਸਰਹੱਦ ’ਤੇ ਵੱਸਿਆ ਮਮਦੋਟ ਕਸਬਾ ਅੱਜ ਵੀ ਕਈ ਬੁਨਿਆਦੀ ਸਹੂਲਤਾਂ ਦੀ ਉਡੀਕ ਕਰ ਰਿਹਾ ਹੈ। ਦਸ ਹਜ਼ਾਰ ਤੋਂ ਵੱਧ ਆਬਾਦੀ ਵਾਲੇ ਇਸ ਕਸਬੇ ਵਿੱਚ ਲੋਕਾਂ ਲਈ ਸੈਰ ਕਰਨ ਵਾਸਤੇ ਢੁੱਕਵਾਂ ਪਾਰਕ ਨਹੀਂ, ਯਾਤਰੀਆਂ ਲਈ ਸਰਕਾਰੀ ਬੱਸ ਅੱਡਾ ਨਹੀਂ ਅਤੇ ਨੌਜਵਾਨਾਂ ਤੇ ਖਿਡਾਰੀਆਂ ਲਈ ਕੋਈ ਵਧੀਆ ਖੇਡ ਮੈਦਾਨ ਵੀ ਮੌਜੂਦ ਨਹੀਂ ਹੈ।
ਇਸ ਕਸਬੇ ਨੂੰ ਲਗਪਗ 140 ਛੋਟੇ-ਵੱਡੇ ਪਿੰਡ ਲੱਗਦੇ ਹਨ। ਇਨ੍ਹਾਂ ਪਿੰਡਾਂ ਤੋਂ ਰੋਜ਼ ਸੈਂਕੜੇ ਲੋਕ ਫਿਰੋਜ਼ਪੁਰ ਅਤੇ ਪੰਜਾਬ ਦੇ ਹੋਰਨਾਂ ਹਿੱਸਿਆਂ ਵੱਲ ਜਾਣ ਲਈ ਬੱਸਾਂ ’ਤੇ ਨਿਰਭਰ ਕਰਦੇ ਹਨ। ਅਜਿਹੇ ਵਿੱਚ ਬੱਸ ਅੱਡੇ ਦੀ ਘਾਟ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਚੋਣ ਸਮੇਂ ਉਨ੍ਹਾਂ ਨੂੰ ਪਾਰਕ, ਬੱਸ ਅੱਡਾ, ਖੇਡ ਮੈਦਾਨ ਅਤੇ ਹੋਰ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਰਹੇ ਹਨ ਪਰ ਚੋਣਾਂ ਤੋਂ ਬਾਅਦ ਇਹ ਵਾਅਦੇ ਕਾਗਜ਼ਾਂ ਅਤੇ ਭਰੋਸਿਆਂ ਤੱਕ ਹੀ ਸੀਮਤ ਰਹਿ ਜਾਂਦੇ ਹਨ। ਮਮਦੋਟ ਵਿੱਚ ਬੀ ਐੱਸ ਐੱਫ ਦੇ ਲਗਪਗ ਤਿੰਨ ਏਕੜ ਤੋਂ ਵੱਧ ਰਕਬੇ ਵਾਲੇ ਗਰਾਊਂਡ ਨੂੰ ਲੋਕਾਂ ਦੀ ਸਹੂਲਤ ਲਈ ਵਿਕਸਤ ਕਰਨ ਦੀ ਤਜਵੀਜ਼ ਵੀ ਸਾਹਮਣੇ ਆਈ ਸੀ। ਜਾਣਕਾਰੀ ਅਨੁਸਾਰ ਪਿਛਲੀ ਨਗਰ ਪੰਚਾਇਤ ਵੱਲੋਂ ਇਸ ਪਾਰਕ ਨੂੰ ਵਿਕਸਤ ਕਰਨ ਬਾਰੇ ਮਤਾ ਪਾਸ ਕੀਤਾ ਗਿਆ। ਸੂਤਰਾਂ ਮੁਤਾਬਕ ਬੀ ਐੱਸ ਐੱਫ ਅਧਿਕਾਰੀਆਂ ਨਾਲ ਵੀ ਇਸ ਸਬੰਧੀ ਸਹਿਮਤੀ ਬਣੀ ਸੀ, ਪਰ ਕਥਿਤ ਤੌਰ ’ਤੇ ਵਿਭਾਗੀ ਪੱਧਰ ’ਤੇ ਇੱਕ ਅਧਿਕਾਰੀ ਦੇ ਇਤਰਾਜ਼ ਕਾਰਨ ਮਾਮਲਾ ਅੱਗੇ ਨਹੀਂ ਵਧ ਸਕਿਆ।
ਲੋਕਾਂ ਨੇ ਕਹਿਣਾ ਹੈ ਕਿ ਜੇ ਮਾਮਲੇ ਨੂੰ ਮੁੜ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਤਾਂ ਮਮਦੋਟ ਵਾਸੀਆਂ ਨੂੰ ਵਧੀਆ ਪਾਰਕ ਅਤੇ ਖੇਡਣ ਲਈ ਢੁੱਕਵੀਂ ਜਗ੍ਹਾ ਮਿਲ ਸਕਦੀ ਹੈ।
ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਸਰਹੱਦੀ ਖੇਤਰ ਹੋਣ ਦੇ ਬਾਵਜੂਦ ਮਮਦੋਟ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਮਦੋਟ ਵਿੱਚ ਵਧੀਆ ਪਾਰਕ, ਸਰਕਾਰੀ ਬੱਸ ਅੱਡਾ ਅਤੇ ਨੌਜਵਾਨਾਂ ਲਈ ਖੇਡ ਮੈਦਾਨ ਬਣਾਉਣ ਦੀ ਮੰਗ ਪੂਰੀ ਕੀਤੀ ਜਾਵੇ।

