ਮਈ ਮਹੀਨਾ ਚੜ੍ਹਦਿਆਂ ਹੀ ਮਾਲਵਾ ਖੇਤਰ ਵਿੱਚ ਗਰਮੀ ਵਧ ਗਈ ਹੈ। ਅਪਰੈਲ ਦੇ ਅਖੀਰ ਵਿੱਚ ਹੋਈ ਬਾਰਿਸ਼ ਤੋਂ ਮਿਲੀ ਰਾਹਤ ਆਰਜ਼ੀ ਸਾਬਤ ਹੋਈ ਹੈ ਅਤੇ ਹੁਣ ਪਾਰਾ 42 ਡਿਗਰੀ ਦੇ ਨੇੜੇ ਪਹੁੰਚਣ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਤਿੱਖੀ ਧੁੱਪ ਅਤੇ ਲੂ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ, ਜਿਸ ਕਾਰਨ ਦਿਨ ਵੇਲੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ’ਤੇ ਸੰਨਾਟਾ ਪੱਸਰ ਜਾਂਦਾ ਹੈ।
ਅੱਜ ਗਰਮੀ ਕਾਰਨ ਦਿਨ ਵੇਲੇ ਸੜਕਾਂ ’ਤੇ ਆਵਾਜਾਈ ਕਾਫ਼ੀ ਘੱਟ ਰਹੀ। ਇਸ ਗਰਮੀ ਦਾ ਸਭ ਤੋਂ ਮਾੜਾ ਅਸਰ ਦਿਹਾੜੀਦਾਰ ਮਜ਼ਦੂਰਾਂ ’ਤੇ ਪੈ ਰਿਹਾ ਹੈ, ਜੋ ਖੁੱਲ੍ਹੇ ਅਸਮਾਨ ਹੇਠ ਕੰਮ ਕਰਨ ਲਈ ਮਜਬੂਰ ਹਨ। ਗਰਮੀ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ’ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ।
ਸਿਹਤ ਮਾਹਰਾਂ ਅਤੇ ਡਾਕਟਰਾਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨ ਅਤੇ ਸਿਰ ਢੱਕ ਕੇ ਬਾਹਰ ਜਾਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ, ਗਰਮੀ ਤੋਂ ਰਾਹਤ ਪਾਉਣ ਲਈ ਨੌਜਵਾਨਾਂ ਦਾ ਰੁਝਾਨ ਨਹਿਰਾਂ ਅਤੇ ਸੂਆਂ ਵੱਲ ਵਧਿਆ ਹੈ। ਕਈ ਨੌਜਵਾਨ ਨਹਿਰਾਂ ਵਿੱਚ ਨਹਾ ਕੇ ਗਰਮੀ ਨੂੰ ਮਾਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪ੍ਰਸ਼ਾਸਨ ਨੇ ਡੂੰਘੇ ਪਾਣੀ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਮੁਤਾਬਕ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 39.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 21.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਈ ਥਾਵਾਂ ’ਤੇ ਪਾਰਾ 42 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਚੁੱਕਾ ਹੈ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਹਦਾਇਤ ਕੀਤੀ ਹੈ।

