ਮਜੀਠੀਆ ਦੀ ਪੇਸ਼ੀ: ਪੁਲੀਸ ਨੇ ਮੁਹਾਲੀ ਜਾਂਦੇ ਅਕਾਲੀ ਹਿਰਾਸਤ ’ਚ ਲਏ
ਜੋਗਿੰਦਰ ਸਿੰਘ ਮਾਨ/ਮਨੋਜ ਸ਼ਰਮਾ
ਮਾਨਸਾ/ਬਠਿੰਡਾ, 2 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੱਜ ਅਦਾਲਤ ਵਿੱਚ ਪੇਸ਼ੀ ਨੂੰ ਲੈ ਕੇ ਪੰਜਾਬ ਭਰ ਵਿੱਚ ਅਕਾਲੀ ਵਰਕਰਾਂ ਨੂੰ ਮੁਹਾਲੀ ਜਾਣ ਤੋਂ ਰੋਕਣ ਲਈ ਪੁਲੀਸ ਨੇ ਥਾਂ-ਥਾਂ ਨਾਕੇ ਲਾਏ। ਵਿਧਾਨ ਸਭਾ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਅਰੋੜਾ ਨੂੰ ਅੱਜ ਢੈਪਈ ਦੇ ਬੱਸ ਅੱਡੇ ਉਪਰ ਹੀ ਰੋਕ ਲਿਆ ਗਿਆ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋਗਾ ਹਲਕੇ ਤੋਂ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੂੰ ਉਨ੍ਹਾਂ ਦੇ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ ਗਿਆ।
ਇਸੇ ਹੀ ਤਰ੍ਹਾਂ ਵਿਧਾਨ ਸਭਾ ਹਲਕਾ ਮੌੜ, ਤਲਵੰਡੀ ਸਾਬੋ, ਸਰਦੂਲਗੜ੍ਹ ਤੇ ਬੁਢਲਾਡਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਅਤੇ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਵੱਖ-ਵੱਖ ਥਾਵਾਂ ’ਤੇ ਰੋਕਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਇਹ ਵਰਕਰ ਬਿਕਰਮ ਸਿੰਘ ਮਜੀਠੀਆ ਦੇ ਸਮਰਥਨ ’ਚ ਮੁਹਾਲੀ ਜਾ ਰਹੇ ਸਨ। ਜਾਣਕਾਰੀ ਅਨੁਸਾਰ ਕਰੀਬ ਦੋ ਦਰਜਨ ਤੋਂ ਵੱਧ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਰੋਕਿਆ ਗਿਆ ਹੈ। ਪੁਲੀਸ ਵੱਲੋਂ ਮਾਨਸਾ ਜ਼ਿਲ੍ਹੇ ਦੀਆਂ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ ਤਾਂ ਜੋ ਕਿਸੇ ਵੀ ਕਾਨੂੰਨ ਵਿਵਸਥਾ ਦੀ ਉਲੰਘਣਾ ਨਾ ਹੋਵੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੇਮ ਅਰੋੜਾ ਨੇ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਲੋਕਤੰਤਰਿਕ ਹੱਕਾਂ ਦੀ ਉਲੰਘਣਾ ਹੈ। ਅਕਾਲੀ ਦਲ ਯੂਥ ਵਿੰਗ ਦੀ ਮਾਨਸਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਕੁਝ ਅਕਾਲੀ ਵਰਕਰਾਂ ਨਾਲ ਪੁਲੀਸ ਨੂੰ ਚਕਮਾ ਦੇਕੇ ਮੁਹਾਲੀ ਪਹੁੰਚਣ ਵਿਚ ਸਫ਼ਲ ਹੋਏ ਅਤੇ ਉਨ੍ਹਾਂ ਉਥੇ ਅਕਾਲੀ ਦਲ ਦੇ ਸਰਕਾਰ ਵਿਰੋਧੀ ਪ੍ਰਦਰਸ਼ਨ ਵਿਚ ਹਿੱਸਾ ਲਿਆ।
ਇਸੇ ਤਰ੍ਹਾਂ ਮੁਹਾਲੀ ਜਾ ਰਹੇ ਬਠਿੰਡਾ ਜ਼ਿਲ੍ਹੇ ਦੇ ਅਕਾਲੀ ਆਗੂਆਂ ਨੇ ਹਿਰਸਾਤ ਵਿੱਚ ਲੈ ਲਿਆ। ਵਿਧਾਨ ਸਭਾ ਹਲਕਾ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਦਿਸ਼ਾ ਨਿਰਦੇਸ਼ ’ਤੇ ਮੁਹਾਲੀ ਜਾ ਰਹੇ ਅਕਾਲੀ ਵਰਕਰਾਂ ਨੂੰ ਪਿੰਡ ਭਾਈ ਦੇਸਾ ’ਚ ਨਾਕੇ ’ਤੇ ਪੁਲੀਸ ਨੇ ਰੋਕ ਲਿਆ। ਉਨ੍ਹਾਂ ਸਾਰਿਆਂ ਨੂੰ ਬਠਿੰਡਾ ਦੇ ਥਾਣਾ ਕੋਟ ਫੱਤਾ ਵਿੱਚ ਰੱਖਿਆ ਗਿਆ ਹੈ। ਹਲਕਾ ਰਾਮਪੁਰਾ ਦੇ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਿਰਾਜ ਨੂੰ ਸਵੇਰੇ ਹੀ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਬਲਕਾਰ ਬਰਾੜ ਨੂੰ ਵੀ ਸਵੇਰੇ ਉਨ੍ਹਾਂ ਦੇ ਘਰ ਵਿੱਚ ਤਕਰੀਬਨ 3 ਘੰਟੇ ਦੇ ਕਰੀਬ ਪੁਲੀਸ ਨੇ ਨਜ਼ਰ ਬੰਦ ਰੱਖਿਆ ਗਿਆ। ਜ਼ਿਕਰਯੋਗ ਹੈ ਅਕਾਲੀ ਆਗੂ ਤੇ ਵਰਕਰ ਬਿਕਰਮ ਸਿੰਘ ਮਜੀਠੀਆ ਦੀ ਮੁਹਾਲੀ ਕੋਰਟ ਵਿੱਚ ਪੇਸ਼ੀ ਮੌਕੇ ਉਨ੍ਹਾਂ ਦੇ ਸਮਰਥਨ ਵਿਚ ਜਾ ਰਹੇ ਸਨ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਕਰਾਂ ਨੂੰ ਮੁਹਾਲੀ ਪੁੱਜਣ ਦਾ ਸੱਦਾ ਦਿੱਤਾ ਗਿਆ ਸੀ।
ਅਕਾਲੀ ਵਰਕਰਾਂ ਨੂੰ ਰੋਕਣ ਲਈ ਸਖ਼ਤ ਨਾਕਾਬੰਦੀ
ਤਪਾ ਮੰਡੀ (ਪੱਤਰ ਪ੍ਰੇਰਕ): ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਅੱਜ ਪੁਲੀਸ ਦਾ ਸਖ਼ਤ ਪਹਿਰਾ ਰਿਹਾ। ਡੀਐੱਸਪੀ ਤਪਾ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਆਉਣ ਜਾਣ ਵਾਲੇ ਵਾਹਨਾਂ ’ਤੇ ਬਾਜ਼ ਅੱਖ ਰੱਖੀ। ਜਾਣਕਾਰੀ ਅਨੁਸਾਰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ’ਚ ਘਿਰੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਸੀ ਜਿਸ ਸਬੰਧੀ ਪਾਰਟੀ ਨੇ ਵਰਕਰਾਂ ਨੂੰ ਮੁਹਾਲੀ ਪੁੱਜਣ ਦਾ ਸੱਦਾ ਦਿੱਤਾ ਸੀ। ਇਸ ਲਈ ਪੁਲੀਸ ਨੇ ਅਕਾਲੀ ਵਰਕਰਾਂ ਨੂੰ ਰੋਕਣ ਲਈ ਤੜਕੇ ਹੀ ਮਾਰਗ ’ਤੇ ਨਾਕਾਬੰਦੀ ਕਰ ਦਿੱਤੀ।