Barnala Bathinda Highway Jam: ਟਰਾਲੇ ’ਚ ਨੁਕਸ ਪੈਣ ਕਾਰਨ ਮੁੱਖ ਮਾਰਗ ਜਾਮ
ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ
ਬਰਨਾਲਾ-ਬਠਿੰਡਾ ਮੁੱਖ ਮਾਰਗ ਉੱਤੇ ਤਾਜੋ ਕੈਂਚੀਆਂ ਨੇੜੇ ਫਲਾਈਓਵਰ ਦੀ ਮੁਰੰਮਤ ਕਾਰਨ ਪਹਿਲਾਂ ਹੀ ਸਲਿਪ ਰੋਡ ਰਾਹੀਂ ਚੱਲ ਰਹੀ ਆਵਾਜਾਈ ਉਸ ਸਮੇਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ, ਜਦੋਂ ਅੱਜ ਸਵੇਰੇ ਜਿਪਸਮ ਨਾਲ ਲੱਦੇ ਘੋੜਾ ਟਰਾਲੇ ਵਿੱਚ ਤਕਨੀਕੀ ਨੁਕਸ ਪੈ ਗਿਆ। ਇਸ ਘਟਨਾ ਕਾਰਨ ਸੜਕ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਰਾਲਾ ਚਾਲਕ ਹਰਬੰਸ ਸਿੰਘ ਵਾਸੀ ਅਬੋਹਰ ਨੇ ਦੱਸਿਆ ਕਿ ਉਹ ਜਿਪਸਮ ਨਾਲ ਭਰਿਆ ਟਰਾਲਾ ਅਬੋਹਰ ਤੋਂ ਰਾਜਪੁਰਾ ਵੱਲ ਲੈ ਕੇ ਜਾ ਰਿਹਾ ਸੀ। ਜਦੋਂ ਉਹ ਘੜੈਲੀ ਚੌਕ ਨੇੜੇ ਫਲਾਈਓਵਰ ਪਾਰ ਕਰ ਕੇ ਸਲਿਪ ਰੋਡ ਵੱਲ ਉਤਰ ਰਿਹਾ ਸੀ, ਤਾਂ ਅਚਾਨਕ ਟਰਾਲੇ ਦੀਆਂ ਕਮਾਨੀਆਂ ਟੁੱਟ ਗਈਆਂ ਅਤੇ ਟਾਇਰ ਵੀ ਫੱਟ ਗਿਆ। ਇਸ ਕਾਰਨ ਟਰਾਲਾ ਵਿਚਕਾਰ ਸੜਕ ’ਤੇ ਖੜ੍ਹਾ ਹੋ ਗਿਆ ਅਤੇ ਕੱਟ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ। ਰਸਤਾ ਬੰਦ ਹੋਣ ਕਾਰਨ ਪਿੱਛੋਂ ਆ ਰਹੇ ਵਾਹਨ ਫਸ ਗਏ। ਕਈ ਵਾਹਨ ਚਾਲਕਾਂ ਨੂੰ ਮਜਬੂਰਨ ਵਾਪਸ ਮੁੜ ਕੇ ਦੂਜੀ ਸਲਿਪ ਰੋਡ ਰਾਹੀਂ ਆਪਣੀ ਮੰਜ਼ਿਲ ਵੱਲ ਜਾਣਾ ਪਿਆ, ਜਿਸ ਨਾਲ ਕੁਝ ਸਮੇਂ ਲਈ ਆਵਾਜਾਈ ਠੱਪ ਰਹੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਤਪਾ ਪੁਲੀਸ ਦੇ ਮੁਲਾਜ਼ਮ ਤੁਰੰਤ ਮੌਕੇ ’ਤੇ ਪਹੁੰਚੇ। ਪੁਲੀਸ ਨੇ ਮੌਕੇ ’ਤੇ ਕਰੇਨ ਦੀ ਮਦਦ ਮੰਗਵਾ ਕੇ ਖਰਾਬ ਟਰਾਲੇ ਨੂੰ ਸੜਕ ਤੋਂ ਪਾਸੇ ਹਟਵਾਇਆ, ਜਿਸ ਤੋਂ ਬਾਅਦ ਜਾਮ ਖੁੱਲ੍ਹਿਆ ਅਤੇ ਆਵਾਜਾਈ ਨੂੰ ਸੁਚਾਰੂ ਕੀਤਾ ਜਾ ਸਕਿਆ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫਲਾਈਓਵਰ ਦੀ ਮੁਰੰਮਤ ਦਾ ਅਧੂਰਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਰੋਜ਼ਾਨਾ ਆ ਰਹੀਆਂ ਭਾਰੀ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕੇ।

