ਕਰਜ਼ਈ ਕਿਸਾਨ ਦੇ ਹੱਕ ਵਿੱਚ ਮਹਾਪੰਚਾਇਤ
ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਦਾ ਮਾਮਲਾ ; ਕਿਸਾਨਾਂ ਨੇ ਪੀਡ਼ਤ ਦੇ ਘਰ ਨੂੰ ਲਾਏ ਜਿੰਦਰੇ ਖੋਲ੍ਹੇ
ਖੇਤਰ ਦੇ ਪਿੰਡ ਅਰਨੀਆਂਵਾਲੀ ਵਿੱਚ ਅੱਜ ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਨੇ ਕਰਜ਼ੇ ਦੀਆਂ ਕਿਸ਼ਤਾਂ ਨਾ ਭਰਨ ਕਾਰਨ ਕੰਪਨੀ ਵੱਲੋਂ ਕਿਸਾਨ ਦੇ ਘਰ ਨੂੰ ਲਗਾਏ ਤਾਲੇ ਖੋਲ੍ਹਣ ਲਈ ਮਹਾਪੰਚਾਇਤ ਕੀਤੀ। ਇਸ ਮੌਕੇ ਰਾਜਸਥਾਨ ਤੋਂ ਕਿਸਾਨ ਆਗੂ ਮੰਗੇਜ ਚੌਧਰੀ, ਕਾਂਗਰਸ ਜ਼ਿਲ੍ਹਾ ਪ੍ਰਧਾਨ ਸੰਤੋਸ਼ ਬੈਨੀਵਾਲ, ਕਿਸਾਨ ਆਗੂ ਸੰਦੀਪ ਧੀਰਨਵਾਸ, ਸੀਟੂ ਪ੍ਰਧਾਨ ਮਦਨ ਖੋਥ, ਭੁਪਿੰਦਰ ਸਿੰਘ,ਕਿਸਾਨ ਆਗੂ ਭਰਤ ਸਿੰਘ, ਸਰਪੰਚ ਕ੍ਰਿਸ਼ਨਾ ਖੋਥ ਨੇ ਤਾਲੇ ਖੋਲ੍ਹਣ ਅਤੇ ਪਰਿਵਾਰ ਨੂੰ ਅੰਦਰ ਜਾਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਕਿਸਾਨ ਆਗੂਆਂ ਨੇ ਅੱਜ ਮਹਾਪੰਚਾਇਤ ਬੁਲਾ ਕੇ ਘਰ ਦੇ ਤਾਲੇ ਖੋਲ੍ਹਣ ਦਾ ਐਲਾਨ ਕਰ ਦਿੱਤਾ ਸੀ। ਅੱਜ ਪੁਲੀਸ ਪ੍ਰਸ਼ਾਸਨ ਅਤੇ ਕੰਪਨੀ ਦੇ ਉੱਚ ਅਧਿਕਾਰੀ ਗੈਰਹਾਜ਼ਰ ਰਹੇ। ਜਾਣਕਾਰੀ ਅਨੁਸਾਰ ਸ਼ੁਭਾਸ ਚੰਦਰ ਅਤੇ ਉਸ ਦੀ ਪਤਨੀ ਮੁਕੇਸ਼ ਵਾਸੀ ਅਰਨੀਆਂਵਾਲੀ ਨੇ 2024 ਵਿੱਚ ਇੰਡੀਆ ਸ਼ੈਲਟਰ ਹੋਮ ਲੋਨ ਕੰਪਨੀ ਤੋਂ ਲਗਪਗ 11.50 ਲੱਖ ਦਾ ਕਰਜ਼ਾ ਲਿਆ ਸੀ। ਕੁਝ ਸਮੇਂ ਤੋਂ ਕਰਜ਼ੇ ਦੀਆਂ ਕਿਸ਼ਤਾਂ ਦਾ ਭੁਗਤਾਨ ਨਾ ਹੋਣ ਕਾਰਨ 7 ਫਰਵਰੀ, 2026 ਨੂੰ ਕੰਪਨੀ ਨੇ ਉਨ੍ਹਾਂ ਦੇ ਘਰ ਨੂੰ ਤਾਲਾ ਲਗਾ ਦਿੱਤਾ। ਦੋ ਦਿਨਾਂ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਨੇ ਘਰ ਨੂੰ ਤਾਲਾ ਖੋਲ੍ਹਣ ਲਈ ਵਿਰੋਧ ਪ੍ਰਦਰਸ਼ਨ ਕੀਤਾ। ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਨੇ ਪਹਿਲੇ ਦਿਨ ਤਾਲੇ ਖੋਲ੍ਹਣ ਤੋਂ ਰੋਕਿਆ, ਜਿਸ ਕਾਰਨ ਧਰਨਾ ਪ੍ਰਦਰਸ਼ਨ ਹੋਇਆ। ਹੁਣ ਮਹਾਪੰਚਾਇਤ ਮਗਰੋਂ ਕਿਸਾਨਾਂ ਨੇ ਤਾਲੇ ਖੋਲ੍ਹ ਕੇ ਪੀੜਤ ਪਰਿਵਾਰ ਨੂੰ ਘਰ ਵਿੱਚ ਵਾੜ ਦਿੱਤਾ। ਇਸ ਮੌਕੇ ਪੀੜਤ ਪਰਿਵਾਰ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਮਿਲ ਬੈਠ ਕੇ ਕੰਪਨੀ ਨਾਲ ਇਸ ਮਾਮਲੇ ਨੂੰ ਸੁਲਝਾਇਆ ਜਾਵੇਗਾ।

