ਮਾਘੀ ਮੇਲਾ: ਤਖ਼ਤ ਦਮਦਮਾ ਸਾਹਿਬ ਵਿਖੇ ਸੰਗਤਾਂ ਨਤਮਸਤਕ

ਸ਼ਰਧਾਲੂਆਂ ਨੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤੇ; ਢਾਡੀਆਂ ਤੇ ਕਵੀਸ਼ਰਾਂ ਨੇ ਵਾਰਾਂ ਸੁਣਾਈਆਂ

ਮਾਘੀ ਮੇਲਾ: ਤਖ਼ਤ ਦਮਦਮਾ ਸਾਹਿਬ ਵਿਖੇ ਸੰਗਤਾਂ ਨਤਮਸਤਕ

ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਲਈ ਜੁੜੀਆਂ ਸੰਗਤਾਂ।

ਜਗਜੀਤ ਸਿੰਘ ਸਿੱਧੂ

ਤਲਵੰਡੀ ਸਾਬੋ, 14 ਜਨਵਰੀ

ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਾਘੀ ਦਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ। ਅੱਜ ਸਵੇਰੇ ਤਖ਼ਤ ਸਾਹਿਬ ਸਮੇਤ ਇੱਥੋਂ ਦੇ ਹੋਰਨਾਂ ਗੁਰਦੁਆਰਿਆਂ ਵਿੱਚ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਪਾਠਾਂ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਮੇਤ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ ਅਤੇ ਗੁਰਦੁਆਰਾ ਸੰਤ ਸੇਵਕ ਬੁੰਗਾ ਮਸਤੂਆਣਾ ਸਾਹਿਬ ਦੇ ਮੁਖੀ ਬਾਬਾ ਕਾਕਾ ਸਿੰਘ ਨੇ ਸੰਗਤਾਂ ਨੂੰ ਮਾਘੀ ਦੀਆਂ ਵਧਾਈਆਂ ਦਿੱਤੀਆਂ। ਗੁਰਦੁੁਆਰਿਆਂ ਵਿੱਚ ਸਾਰਾ ਦਿਨ ਕਥਾ ਕੀਰਤਨ ਤੇ ਪਾਠ ਹੁੰਦਾ ਰਿਹਾ ਅਤੇ ਧਾਰਮਿਕ ਸਮਾਗਮਾਂ ਵਿੱਚ ਢਾਡੀਆਂ ਅਤੇ ਕਵੀਸ਼ਰਾਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਵਾਰਾਂ ਗਾਈਆਂ। ਕਰੋਨਾ ਪਾਬੰਦੀਆਂ ਦੇ ਬਾਵਜੂਦ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਤਖ਼ਤ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਵਿੱਚ ਮੱਥਾ ਟੇਕ ਕੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕੀਤਾ। ਮੇਲੀਆਂ ਦੇ ਮਾਸਕ ਵੀ ਨਾ ਮਾਤਰ ਲਗਾਏ ਹੋਏ ਸਨ।

ਕਵੀ ਦਰਬਾਰ ਸਜਾਇਆ: ਗੁਰੂ ਕਾਸ਼ੀ ਸਾਹਿਤ ਸਭਾ ਅਤੇ ਕਵੀਸ਼ਰੀ ਮੰਚ ਤਲਵੰਡੀ ਸਾਬੋ ਨੇ ਕਵੀ ਦਰਬਾਰ ਕਰਵਾਇਆ ਜਿਸ ਵਿੱੱਚ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪਹਿਲਾਂ ਮਾਘੀ ਮੇਲੇ ਮੌਕੇ ਇੱਥੇ ਬਸਪਾ ਵੱਲੋਂ ਹਰ ਸਾਲ ਕਾਨਫਰੰਸ ਕੀਤੀ ਜਾਂਦੀ ਸੀ ਪਰ ਇਸ ਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਿਆਸੀ ਕਾਨਫਰੰਸਾਂ ’ਤੇ ਰੋਕ ਕਾਰਨ ਬਸਪਾ ਨੇ ਸਿਆਸੀ ਕਾਨਫਰੰਸ ਨਹੀਂ ਕੀਤੀ।

ਕਾਲਾਂਵਾਲੀ (ਭੁਪਿੰਦਰ ਸਿੰਘ ਪੰਨੀਵਾਲੀਆ): ਤਰਕਸੀਲ ਸੁਸਾਇਟੀ ਦੀ ਇਕਾਈ ਕਾਲਾਂਵਾਲੀ ਵੱਲੋਂ ਅੱਜ ਮਾਘੀ ਮੇਲੇ ਮੌਕੇ ਪਿੰਡ ਚੋਰਮਾਰ ਵਿੱਚ ਤਰਕਸ਼ੀਲ ਸਾਹਿਤ ਸਬੰਧੀ ਸਟਾਲ ਲਗਾਇਆ ਗਿਆ। ਇਸ ਮੌਕੇ ਪਾਠਕਾਂ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਕਿਤਾਬਾਂ ਖਰੀਦੀਆਂ। ਸਾਰਾ ਦਿਨ ਕਿਤਾਬਾਂ ਦੇਖਣ ਤੇ ਖਰੀਦਣ ਵਾਲਿਆਂ ਦਾ ਇਕੱਠ ਬਣਿਆ ਰਿਹਾ। ਪਿੰਡ ਜੰਡਵਾਲਾ ਸਕੂਲ ਦਾ ਸਟਾਫ ਤੇ ਹੋਰ ਬਹੁਤ ਸਾਰੇ ਸੇਵਾਮੁਕਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਤਰਕਸ਼ੀਲ ਸਾਹਿਤ ਦੀ ਖਰੀਦ ਕੀਤੀ। ਤਰਕਸ਼ੀਲ ਆਗੂ ਅਜਾਇਬ ਸਿੰਘ ਜਲਾਲਆਣਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਦ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਠਜਾਣੇ ਗਏ ਹਨ। ਇਸ ਮੌਕੇ ਇਕਾਈ ਦੇ ਜਥੇਬੰਦਕ ਮੁਖੀ ਸ਼ਮਸ਼ੇਰ ਸਿੰਘ ਚੋਰਮਾਰ, ਸਰਗਰਮ ਮੈਂਬਰ ਪੈਂਟਾ ਸਿੰਘ ਸਰਾਂ ਤੇ ਪੰਜਾਬੀ ਅਧਿਆਪਕ ਗੁਰਚਰਨ ਨੇ ਸੁਹਿਰਦਤਾ ਨਾਲ ਡਿਊਟੀ ਨਿਭਾਈ।

ਮਾਘੀ ਮੇਲੇ ਮੌਕੇ ਮਹੱਲੇ ਵਾਸਤੇ ਤਿਆਰੀ ਕਰਦੇ ਹੋਏ ਨਿਹੰਗ ਸਿੰਘ।

ਮੁਕਤਸਰ ਸਾਹਿਬ: ਨਗਾਰਿਆਂ ਤੇ ਜੈਕਾਰਿਆਂ ਨਾਲ ਮਾਹੌਲ ਹੋਇਆ ਰੂਹਾਨੀ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮਾਘੀ ਮੇਲੇ ਮੌਕੇ ਕਰੀਬ ਅੱਧੀ ਦਰਜਨ ਨਿਹੰਗ ਜਥੇਬੰਦੀਆਂ ਦੇ ਪੁੱਜੇ ਸੈਂਕੜੇ ਸਿੰਘਾਂ ਦੇ ਘੋੜਿਆਂ, ਨਗਾਰਿਆਂ, ਜੈਕਾਰਿਆਂ, ਲੰਗਰਾਂ ਅਤੇ ਬਾਣੀ ਤੇ ਬਾਣੇ ਨਾਲ ਮੇਲੇ ਦੀ ਫਿਜ਼ਾ ਵਿੱਚ ਅਧਿਆਤਮਕਤਾ ਘੁਲ ਗਈ। ਤੇਜ਼ੀ ਨਾਲ ਬਦਲ ਰਹੀ ਦੁਨੀਆਂ ਦੇ ਇਸ ਦੌਰ ਵਿੱਚ ਵੀ ‘ਗੁਰੂ ਦੀਆਂ ਲਾਡਲੀਆਂ ਫੌਜਾਂ’ ਵਜੋਂ ਜਾਣੇ ਜਾਂਦੇ ਨਿਹੰਗ ਸਿੰਘ ਅਜੇ ਵੀ ਮੁਕੰਮਲ ਰਹਿਤ ਮਰਿਆਦਾ ਦੇ ਧਾਰਨੀ ਹਨ। ਅਜੌਕੇ ਦੌਰੇ ਵਿੱਚ ਨਿਹੰਗ ਸਿੰਘ ਪੜ੍ਹੇ-ਲਿਖੇ, ਜ਼ਮੀਨ-ਜਾਇਦਾਦ ਅਤੇ ਪਰਿਵਾਰਾਂ ਵਾਲੇ ਸਿੰਘ ਹਨ ਜੋ ਨਿਰੋਲ ਧਾਰਮਿਕ ਜ਼ਿੰਦਗੀ ਜਿਉਂਦੇ ਹਨ। ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਦੀ ਅਗਵਾਈ ਹੇਠ ਬਾਬਾ ਬਿਧੀ ਚੰਦ ਸੰਪ੍ਰਦਾ, ਬਾਬਾ ਹਰੀਆਂ ਵੇਲਾਂ ਵਾਲੀ, ਬਾਬਤਾ ਮਹਿਤਾ ਚੌਂਕ ਵਾਲੇ, ਭਿਖੀਵਿੰਡ ਵਾਲੇ, ਖਿਆਲੇ ਵਾਲੇ ਅਤੇ ਬਾਬਾ ਬਲਦੇਵ ਸਿੰਘ ਵੱਲਾ ਹੋਰਾਂ ਦੇ ਜਥਿਆਂ ਵੱਲੋਂ ਮਾਘੀ ਮੇਲੇ ਮੌਕੇ 15 ਜਨਵਰੀ ਨੂੰ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਤੋਂ ਸ਼ੁਰੂ ਹੋ ਕੇ ਕਰੀਬ ਚਾਰ ਕਿਲੋਮੀਟਰ ਦੂਰ ਗੁਰਦੁਆਰਾ ਟਿੱਬੀ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ। ਟਿੱਬੀ ਸਾਹਿਬ ਵਿਖੇ ਘੋੜ-ਦੌੜ ਦੇ ਕਰਤੱਬ ਵਿਖਾਏ ਜਾਣਗੇ। ਬਾਬਾ ਜੱਸਾ ਸਿੰਘ ਨੇ ਦੱਸਿਆ ਕਿ ਭੁਝੰਗੀਆਂ ਨੂੰ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ, ਸਮਾਣਾ ਅਤੇ ਜ਼ੀਰਕਪੁਰ ਵਿਖੇ ਘੋੜ ਸਵਾਰੀ ਤੇ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ। ਨਿਹੰਗ ਜਥੇਬੰਦੀਆਂ ਇਕ ਜਗ੍ਹਾ ਟਿਕਾਣਾ ਨਹੀਂ ਕਰਦੀਆਂ, ਸਗੋਂ ਚੱਲਦੀਆਂ ਰਹਿੰਦੀਆਂ ਹਨ। ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਵਾਸਤੇ ਚਾਲੇ ਪਾ ਦਿੱਤੇ ਜਾਣਗੇ। ਨਿਹੰਗ ਹਮੇਸ਼ਾਂ ਸਰਬਲੋਹ ਦੇ ਭਾਂਡਿਆਂ ’ਚ ਲੰਗਰ ਤਿਆਰ ਕਰਦੇ ਤੇ ਛਕਦੇ ਹਨ। ਸੁਭ੍ਹਾ ਇਕ ਵਜੇ ਤੋਂ ਪਾਠ ਤੇ ਸਿਮਰਨ ਸ਼ੁਰੂ ਹੋ ਜਾਂਦਾ ਹੈ। ਘੋੜਿਆਂ ਦੇ ਜਥੇਦਾਰ ਬਾਬਾ ਇੰਦਰ ਸਿੰਘ, ਸੇਵਾਦਾਰ ਬਾਬਾ ਬਲਦੇਵ ਸਿੰਘ, ਬਾਬਾ ਜੰਗ ਸਿੰਘ ਗੰਢੂਸਰ ਮਹੰਤ ਤੇ ਬਾਬਾ ਲਾਡਾ ਸਿੰਘ ਹੋਰਾਂ ਨੇ ਦੱਸਿਆ ਕਿ ਘੋੜਾ ਇਕੋ ਵੇਲੇ ਸੌ ਕਿਲੋਮੀਟਰ ਦੀ ਗਤੀ ’ਤੇ ਭੱਜਦਾ ਹੈ। ਇਸ ਲਈ ਸਵਾਰ ਨੂੰ ਉਸ ਤੋਂ ਜ਼ਿਆਦਾ ਚੁਸਤ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਜ਼ਮੀਨ ਖੁਸ਼ਕ ਹੋਵੇ ਤਾਂ ਅੱਠ ਘੋੜਿਆਂ ਉਪਰ ਇਕੋ ਵੇਲੇ ਸਵਾਰੀ ਕਰਨ ਵਾਲੇ ਕਰਤੱਬ ਵੀ ਵਿਖਾਏ ਜਾ ਸਕਦੇ ਹਨ। ਨਿਹੰਗ ਛਾਉਣੀਆਂ ਵਿੱਚ ਦਸਮ ਗ੍ਰੰਥ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਚੱਲ ਰਹੇ ਹਨ ਜਿੰਨ੍ਹਾਂ ਦਾ ਭਲਕੇ ਭੋਗ ਪਾਇਆ ਜਾਵੇਗਾ। ਪਾਠ ਦੌਰਾਨ ਕੇਲੇ, ਖੋਪੇ ਅਤੇ ਗੰਨੇ ਨੂੰ ਟੱਕ ਲਾਇਆ ਜਾਂਦਾ ਹੈ ਜੋ ਬਲੀ ਦਾ ਪ੍ਰਤੀਕ ਹੈ। ਨਿਹੰਗ ਛਾਉਣੀਆਂ ਵਿੱਚ ਲੰਗਰ ਤੇ ਸੁਖ ਨਿਧਾਨ ਦਾ ਪ੍ਰਸ਼ਾਦ ਵੀ ਛਕਾਇਆ ਜਾਂਦਾ ਹੈ। ਬਹੁਤੇ ਲੋਕ ਦਰਸ਼ਨ-ਇਸ਼ਨਾਨ ਤੋਂ ਬਾਅਦ 15 ਜਨਵਰੀ ਨੂੰ ਮਹੱਲਾ ਵੇਖਣ ਉਪਰੰਤ ਘਰਾਂ ਨੂੰ ਵਾਪਸੀ ਕਰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All