Panjab University Senate Elections ਵਿੱਚ ਵੋਟਰਾਂ ਵੱਲੋਂ ਮੱਠਾ ਹੁੰਗਾਰਾ
ਲੰਬੀ ਹਲਕੇ ਵਿੱਚ 23.4 ਫ਼ੀਸਦ ਤੇ ਬਠਿੰਡਾ ਵਿੱਚ 17.35 ਫ਼ੀਸਦ ਵੋਟਿੰਗ ਹੋਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਨੂੰ ਮਾਲਵੇ ਦੇ ਵੱਖ-ਵੱਖ ਹਲਕਿਆਂ ਵਿੱਚ ਮੱਠਾ ਹੁੰਗਾਰਾ ਮਿਲਿਆ ਹੈ। ਇਸ ਤਹਿਤ ਲੰਬੀ ਹਲਕੇ ਵਿੱਚ 23.4 ਫ਼ੀਸਦ ਅਤੇ ਬਠਿੰਡਾ ਵਿੱਚ 17.35 ਫ਼ੀਸਦ ਵੋਟਿੰਗ ਹੋਈ। ਲੰਬੀ ਹਲਕੇ ਵਿੱਚ ਪਿੰਡ ਬਾਦਲ ਅਤੇ ਮੰਡੀ ਕਿੱਲਿਆਂਵਾਲੀ ਵਿੱਚ ਬਣੇ ਤਿੰਨ ਪੋਲਿੰਗ ਬੂਥਾਂ ’ਤੇ ਕੁੱਲ 2467 ਗਰੈਜ਼ੂਏਟ ਵੋਟਰ ਸਨ, ਜਿਨ੍ਹਾਂ ਵਿੱਚੋਂ 578 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਬੂਥ ’ਤੇ ਵੋਟਿੰਗ 21.06 ਫ਼ੀਸਦ ਅਤੇ ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਦੇ ਬੂਥਾਂ ’ਤੇ ਕ੍ਰਮਵਾਰ 25.72 ਅਤੇ 22.39 ਫ਼ੀਸਦ ਰਹੀ।
ਹਲਕੇ ਵਿੱਚ ਵੋਟਿੰਗ ਮੱਠੀ ਰਹਿਣ ਦਾ ਇੱਕ ਕਾਰਨ ਸਕੂਲ ਲੈਕਚਰਾਰਾਂ ਦੀ ਪ੍ਰੀਖਿਆ ਹੋਣਾ ਵੀ ਮੰਨਿਆ ਗਿਆ। ਪੋਲਿੰਗ ਕੇਂਦਰਾਂ ਦੇ ਬਾਹਰ ਵੱਖ-ਵੱਖ ਉਮੀਦਵਾਰਾਂ ਜਿਵੇਂ ਕਿ ਵਰਿੰਦਰ ਸਿੰਘ ਅਬੋਹਰ, ਅਸ਼ੋਕ ਗੋਇਲ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਡਾ. ਅਮਨਦੀਪ ਸਿੰਘ ਖਿਉਵਾਲੀ ਦੇ ਸਮਰਥਕਾਂ ਵੱਲੋਂ ਪੰਡਾਲ ਲਾ ਕੇ ਪੂਰੀ ਸਰਗਰਮੀ ਦਿਖਾਈ ਗਈ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਤਿੰਨ ਪੋਲਿੰਗ ਬੂਥਾਂ ’ਤੇ ਕੁੱਲ 5710 ਰਜਿਸਟਰਡ ਵੋਟਰਾਂ ਵਿੱਚੋਂ 991 ਵੋਟਰਾਂ ਨੇ ਵੋਟ ਪਾਈ, ਜਿਸ ਨਾਲ ਕੁੱਲ ਵੋਟਿੰਗ 17.35 ਫ਼ੀਸਦੀ ਰਹੀ। ਬਠਿੰਡਾ ਸ਼ਹਿਰ ਵਿੱਚ ਬੂਥ ਨੰਬਰ 69 ਅਤੇ 70 ’ਤੇ ਵੋਟਿੰਗ ਪ੍ਰਤੀਸ਼ਤ 17.95 ਫੀਸਦੀ ਰਹੀ, ਜਦਕਿ ਰਾਮਪੁਰਾ ਫੂਲ ਵਿੱਚ ਬੂਥ ਨੰਬਰ 71 ’ਤੇ ਇਹ 13.50 ਫ਼ੀਸਦੀ ਰਹੀ। ਦੱਸਣਯੋਗ ਹੈ ਕਿ ਗਰੈਜ਼ੂਏਟ ਹਲਕੇ ਤੋਂ ਪੰਜਾਬ ਭਰ ਵਿੱਚ 51 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚੋਂ 15 ਮੈਂਬਰ ਚੁਣੇ ਜਾਣੇ ਹਨ।
ਬੂਥਾਂ ਦੇ ਨੇੜੇ ਉਮੀਦਵਾਰਾਂ ਦੇ ਸਮਰਥਕਾਂ ਦੀ ਭਾਰੀ ਸਰਗਰਮੀ ਵੇਖਣ ਨੂੰ ਮਿਲੀ। ਚੋਣ ਦੌਰਾਨ ਵੱਖ-ਵੱਖ ਉਮੀਦਵਾਰਾਂ ਦੇ ਸਮਰਥਕ ਵੀ ਪੋਲਿੰਗ ਬੂਥਾਂ ਦੇ ਨੇੜੇ ਸਰਗਰਮ ਨਜ਼ਰ ਆਏ। ਹੁਣ ਨਤੀਜੇ ਵੱਲ ਵੋਟਰਾਂ ਅਤੇ ਉਮੀਦਵਾਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਤਲਵੰਡੀ ਭਾਈ ਤੇ ਮੁੱਦਕੀ ਵਿੱਚ ਵੋਟਰਾਂ ਦੀ ਘੱਟ ਦਿਲਚਸਪੀ
ਤਲਵੰਡੀ ਭਾਈ (ਸੁਦੇਸ਼ ਕੁਮਾਰ ਹੈਪੀ): ਤਲਵੰਡੀ ਭਾਈ ਦੇ ਮਾਤਾ ਸਾਹਿਬ ਕੌਰ ਕਾਲਜ ਫਾਰ ਵਿਮੈਨ ਬੂਥ ਅਤੇ ਮੁੱਦਕੀ ਦੇ ਸ਼ਹੀਦ ਗੰਜ ਕਾਲਜ ਫਾਰ ਵਿਮੈਨ ਬੂਥ ਵਿੱਚ ਪੀ ਯੂ ਸੈਨੇਟ ਚੋਣਾਂ ਲਈ ਵੋਟਾਂ ਪਈਆਂ। ਪੜ੍ਹੇ-ਲਿਖੇ ਵਰਗ ਵਿੱਚ ਵੋਟ ਪ੍ਰਤੀ ਚੇਤਨਤਾ ਘੱਟ ਹੋਣ ਕਾਰਨ ਇੱਥੇ ਰੁਝਾਨ ਕਾਫੀ ਮੱਠਾ ਰਿਹਾ। ਬੂਥ ਨੰਬਰ 100 ’ਤੇ ਸਿਰਫ਼ 31 ਫ਼ੀਸਦੀ ਅਤੇ ਬੂਥ ਨੰਬਰ 265 ’ਤੇ 47 ਫ਼ੀਸਦੀ ਵੋਟਾਂ ਹੀ ਪੋਲ ਹੋਈਆਂ। ਇਲਾਕੇ ਦੇ ਪ੍ਰਮੁੱਖ ਆਗੂਆਂ ਅਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਵੋਟਰਾਂ ਦੇ ਇਸ ਮੱਠੇ ਰੁਝਾਨ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।

