ਲੋਕ ਪੰਚਾਇਤ ਜ਼ਿਲ੍ਹਾ ਸਿਰਸਾ ਦੀ ਮਹੀਨਾਵਾਰ ਮੀਟਿੰਗ ਨਾਮਧਾਰੀ ਗੁਰਦੁਆਰਾ ਰਾਣੀਆਂ ਵਿੱਚ ਮਾਲਕ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਅਮਰੀਕੀ ਸਾਮਰਾਜਵਾਦ ਵੱਲੋਂ ਇਰਾਨ ’ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੁਨੀਆ ਭਰ ਵਿੱਚ ਆਪਣਾ ਰੋਅਬ ਦਿਖਾ ਰਹੇ ਹਨ। ਲੋਕ ਪੰਚਾਇਤ ਦੀ ਮੰਗ ਹੈ ਕਿ ਭਾਰਤ ਸਰਕਾਰ ਇਰਾਨ ਖ਼ਿਲਾਫ਼ ਤੁਰੰਤ ਜੰਗਬੰਦੀ ਦਾ ਮਤਾ ਪਾਸ ਕਰ ਕੇ ਵਿਸ਼ਵ ਸ਼ਾਂਤੀ ਵਿੱਚ ਯੋਗਦਾਨ ਪਾਵੇ।
ਇਸੇ ਤਰ੍ਹਾਂ ਸਿਰਸਾ, ਕਰੀਵਾਲਾ ਅਤੇ ਵਣੀ ਰੂਟ ’ਤੇ ਬੰਦ ਪਏ ਰੋਡਵੇਜ਼ ਦੇ ਰੂਟ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ ਗਈ। ਉੱਤਰੀ ਘੱਗਰ ਨਹਿਰ ਦੇ ਸ਼ੁਰੂ ਵਿੱਚ ਸਾਈਫਨ ਬਣਾਉਣ ਦੀ ਮੰਗ ਵੀ ਕੀਤੀ ਗਈ। ਲੋਕ ਪੰਚਾਇਤ ਨੇ ਪੇਂਡੂ ਖੇਤਰਾਂ ਵਿੱਚ ਆਮ ਲੋਕਾਂ ਨੂੰ ਡਾਕਟਰੀ ਇਲਾਜ ਪ੍ਰਦਾਨ ਕਰਨ ਵਾਲੇ ਡਾਕਟਰਾਂ ਦੀ ਰਜਿਸਟ੍ਰੇਸ਼ਨ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਪੇਂਡੂ ਡਾਕਟਰ ਆਮ ਲੋਕਾਂ ਲਈ ਮਸੀਹਾ ਹਨ। ਸਿਰਸਾ ਜ਼ਿਲ੍ਹਾ ਸਿਹਤ ਵਿਭਾਗ ਨੂੰ ਕੋਈ ਜਲਦਬਾਜ਼ੀ ਵਾਲੀ ਕਾਰਵਾਈ ਨਹੀਂ ਕਰਨੀ ਚਾਹੀਦੀ।
ਇਸ ਮੌਕੇ ਕਾਮਰੇਡ ਸੁਵਰਨ ਸਿੰਘ ਵਿਰਕ, ਮਾਲਕ ਸਿੰਘ ਕੰਗ, ਡਾ. ਗੁਰਚਰਨ ਸਿੰਘ, ਗੁਰਦੀਪ ਸਿੰਘ ਗੁਰਾਇਆ, ਸੁਖਦੇਵ ਸਿੰਘ ਕੱਕਾ, ਗੁਰਨਾਮ ਸਿੰਘ ਝੱਬਰ, ਗੁਰਚਰਨ ਸਿੰਘ ਕਿਲੇਵਾਲਾ, ਜਗਦੇਵ ਸਿੰਘ ਮਟਦਾਦੂ, ਨਿਰਵੈਰ ਸਿੰਘ ਸਰਪੰਚ, ਸਤਨਾਮ ਚੰਦ ਰਾਣੀਆਂ, ਗੁਰਜੀਤ ਸਿੰਘ ਮਾਨ, ਨਿਰਮਲ ਸਿੰਘ ਬਸਰਾ, ਬਲਦੇਵ ਸਿੰਘ ਔਲਖ, ਅਵਤਾਰ ਸਿੰਘ ਔਲਖ, ਅਵਤਾਰ ਸਿੰਘ, ਬਲਕਰਨ ਸਿੰਘ ਅਤੇ ਕਸ਼ਮੀਰ ਸਿੰਘ ਹਾਂਡਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

