ਮਾਲਵਾ ਪੱਟੀ ਵਿੱਚ ਝੋਨੇ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ
ਪੱਤਰ ਪ੍ਰੇਰਕ ਮਾਨਸਾ, 26 ਅਗਸਤ ਮਾਲਵਾ ਪੱਟੀ ਦੇ ਕਿਸਾਨ ਨੂੰ ਹੁਣ ਅਗੇਤੇ ਝੋਨੇ ਉਪਰ ਪੱਟਾ ਲਪੇਟ ਸੁੰਡੀ ਦੇ ਹਮਲੇ ਨੇ ਦੱਬ ਲਿਆ ਹੈ। ਇਸ ਹਮਲੇ ਕਾਰਨ ਕਿਸਾਨਾਂ ਵਿਚ ਘਬਰਾਹਟ ਪਾਈ ਜਾਣ ਲੱਗੀ ਹੈ ਅਤੇ ਉਹ ਇਸ ਤੋਂ ਬਚਾਓ ਲਈ ਕੀਟਨਾਸ਼ਕ...
ਪੱਤਰ ਪ੍ਰੇਰਕ
ਮਾਨਸਾ, 26 ਅਗਸਤ
ਮਾਲਵਾ ਪੱਟੀ ਦੇ ਕਿਸਾਨ ਨੂੰ ਹੁਣ ਅਗੇਤੇ ਝੋਨੇ ਉਪਰ ਪੱਟਾ ਲਪੇਟ ਸੁੰਡੀ ਦੇ ਹਮਲੇ ਨੇ ਦੱਬ ਲਿਆ ਹੈ। ਇਸ ਹਮਲੇ ਕਾਰਨ ਕਿਸਾਨਾਂ ਵਿਚ ਘਬਰਾਹਟ ਪਾਈ ਜਾਣ ਲੱਗੀ ਹੈ ਅਤੇ ਉਹ ਇਸ ਤੋਂ ਬਚਾਓ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਲੱਗੇ ਹਨ। ਉਧਰ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸਪਰੇਆਂ ਸੋਚ-ਸਮਝਕੇ ਕਰਨ ਦਾ ਸੱਦਾ ਦਿੱਤਾ ਹੈ ਅਤੇ ਇਸ ਹਮਲੇ ਨੂੰ ਫਿਲਹਾਲ ਮਾਮੂਲੀ ਮੰਨਿਆ ਹੈ। ਇਸ ਖੇਤਰ ਵਿਚ ਇਸ ਵੇਲੇ ਨਰਮੇ ਉਪਰ ਚਿੱਟੀ ਮੱਖੀ ਸਮੇਤ ਹਰੇ ਤੇਲੇ ਦੇ ਹਮਲਿਆਂ ਲਈ ਧੜਾ-ਧੜ ਸਪਰੇਆਂ ਦਾ ਛਿੜਕਾਅ ਹੋ ਰਿਹਾ ਹੈ। ਕਿਸਾਨਾਂ ਨੇ ਇਸ ਹਮਲੇ ਸਬੰਧੀ, ਜਦੋਂ ਖੇਤੀ ਵਿਭਾਗ ਦੇ ਮਾਹਿਰਾਂ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਕਿਸਾਨਾਂ ਦੇ ਖੇਤਾਂ ਵਿਚ ਜਾਕੇ ਹਮਲੇ ਨੂੰ ਮੁੱਢਲੀ ਸਟੇਜ ਉਪਰ ਸਵੀਕਾਰ ਕੀਤਾ ਹੈ। ਖੇਤੀ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਬਿਨਾਂ ਸਪਰੇਆਂ ਤੋਂ ਹੀ ਠੱਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਇੱਕ ਚੰਗਾ ਮੀਂਹ ਝੋਨੇ ਦੀ ਇਸ ਫ਼ਸਲ ਉਪਰ ਪਵੇਗਾ ਤਾਂ ਇਹ ਸੁੰਡੀ ਆਪਣੇ-ਆਪ ਪਾਣੀ ਵਿਚ ਡਿੱਗਕੇ ਮਰ ਜਾਵੇਗੀ। ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਅਗੇਤੇ ਝੋਨੇ ਉਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਣ ਕਾਰਨ ਕੀਟਨਾਸ਼ਕ ਦਾ ਸਹਾਰਾ ਲੈਣਾ ਪੈਣ ਲੱਗਿਆ ਹੈ। ਖੇਤੀਬਾੜੀ ਵਿਭਾਗ ਮਾਨਸਾ ਦੇ ਖੇਤੀ ਵਿਕਾਸ ਅਫ਼ਸਰ ਡਾ.ਮਨੋਜ਼ ਕੁਮਾਰ ਨੇ ਟੀਮ ਸਮੇਤ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਉਨ੍ਹਾਂ ਮੰਨਿਆ ਕਿ ਇਹ ਹਮਲਾ ਝੋਨੇ ਦੀ ਫ਼ਸਲ ‘ਤੇ ਬਿਲਕੁਲ ਹੀ ਨਾ-ਮਾਤਰ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਪੱਤਾ ਲਪੇਟ ਸੁੰਡੀ ਦਾ ਹਮਲਾ ਜੁਲਾਈ ਤੋਂ ਅਕਤੂਬਰ ਤੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਇਸ ਕੀੜੇ ਦਾ ਹਮਲਾ 5 ਪ੍ਰਤੀਸ਼ਤ ਸੁੱਕੀਆਂ ਪੱਤੀਆਂ (ਇਕਨਾਮਿਕ ਥਰੈਸ਼ਹੋਲਡ ਲੈਵਲ) ਤੋਂ ਵਧੇਰੇ ਹੈ, ਉਨ੍ਹਾਂ ਥਾਵਾਂ ਉਤੇ ਸਪਰੇਅ ਦੀ ਜ਼ਰੂਰਤ ਹੈ।

