Lawyers Strike: ਵਕੀਲਾਂ ਵੱਲੋਂ ਅਦਾਲਤਾਂ ਦਾ ਬਾਈਕਾਟ
ਫ਼ੌਜਦਾਰੀ ਕਾਨੂੰਨ ’ਚ ਸੋਧਾਂ ਦਾ ਵਿਰੋਧ; ਡਿਫੈਂਸ ਕੌਂਸਲ ਦੀ ਰੱਦ ਕਰਨ ਦੀ ਮੰਗ
ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਰੀਦਕੋਟ ਨੇ ਅੱਜ ਇੱਥੇ ਮੀਟਿੰਗ ਤੋਂ ਬਾਅਦ ਅਣਮਿੱਥੇ ਸਮੇਂ ਲਈ ਅਦਾਲਤਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੁਗਪਾਲ ਸਿੰਘ ਬਰਾੜ, ਸਿਮਰਵਿਜੇ, ਵਿਪਨ ਤਾਇਲ, ਹਰਦਮ ਸਿੰਘ, ਨਵਜੋਤ ਸਿੰਘ ਵਹਿਣੀਵਾਲ, ਸਰਨਾਮ ਸਿੰਘ ਸੰਧੂ ਅਤੇ ਜੋਗਿੰਦਰ ਸਿੰਘ ਬਰਾੜ ਨੇ ਕਿਹਾ ਕਿ ਗਿਣੀ-ਮਿੱਥੀ ਸਾਜਿਸ਼ ਤਹਿਤ ਇਨਸਾਫ਼ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਅਦਾਲਤਾਂ ਵਿੱਚ ਡਿਫੈਂਸ ਕੌਂਸਲ ਭਰਤੀ ਕੀਤੇ ਜਾ ਰਹੇ ਹਨ। ਡਿਫੈਂਸ ਕੌਂਸਲ ਮੁਲਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਨਹੀਂ ਬਲਕਿ ਦੇਸ਼ ਭਰ ਦੀਆਂ ਬਾਰ ਐਸੋਸੀਏਸ਼ਨ ਨੂੰ ਕਮਜ਼ੋਰ ਕਰਨਾ ਹੈ। ਸ੍ਰੀ ਬਰਾੜ ਨੇ ਕਿਹਾ ਕਿ ਅੱਜ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੇ ਅਦਾਲਤਾਂ ਦਾ ਬਾਈਕਾਟ ਕਰ ਕੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਅਦਾਲਤਾਂ ਵਿੱਚ ਸਰਕਾਰੀ ਡਿਫੈਂਸ ਕੌਂਸਲ ਦੀ ਆਸਾਮੀ ਰੱਦ ਕੀਤੀ ਜਾਵੇ। ਇਸ ਮੌਕੇ ਵਕੀਲਾਂ ਨੇ ਇੱਥੇ ਮੁਜ਼ਾਹਰਾ ਕੀਤਾ ਅਤੇ ਲੋਕਾਂ ਨੂੰ ਦੱਸਿਆ ਕਿ ਅਦਾਲਤਾਂ ਵਿੱਚ ਮਿਲਣ ਵਾਲੇ ਇਨਸਾਫ਼ ਨੂੰ ਭਾਰਤ ਸਰਕਾਰ ਸਾਜਿਸ਼ ਤਹਿਤ ਖ਼ਤਮ ਕਰ ਰਹੀ ਹੈ। ਜੇ ਅਦਾਲਤਾਂ ਵਿੱਚ ਸਰਕਾਰੀ ਡਿਫੈਂਸ ਕੌਂਸਲ ਭਰਤੀ ਹੁੰਦੇ ਹਨ ਤਾਂ ਇਸ ਨਾਲ ਅਦਾਲਤੀ ਇਨਸਾਫ਼ ਪ੍ਰਕਿਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।
ਬਰਨਾਲਾ (ਰਵਿੰਦਰ ਰਵੀ): ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿੱਚ ਚੇਅਰਮੈਨ ਹਰਿੰਦਰਪਾਲ ਸਿੰਘ ਰਾਣੂ ਦੀ ਅਗਵਾਈ ’ਚ ਮੁਕੰਮਲ ਹੜਤਾਲ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਅਦਾਲਤ ਕੰਪਲੈਕਸ ਬਰਨਾਲਾ ਵਿੱਚ ਵੱਡੀ ਗਿਣਤੀ ’ਚ ਵਕੀਲ ਇਕੱਠੇ ਹੋਏ ਅਤੇ ਬਾਰ ਐਸੋਸੀਏਸ਼ਨ ਦੇ ਜਨਰਲ ਹਾਊਸ ਵੱਲੋਂ ਪਾਸ ਕੀਤੇ ਮਤੇ ਖ਼ਿਲਾਫ਼ ਰੋਸ ਪ੍ਰਗਟਾਇਆ।
ਇਸ ਮੌਕੇ ਚੇਅਰਮੈਨ ਰਾਣੂ, ਐਡ. ਧਰਮਿੰਦਰ ਸਿੰਘ ਧਾਲੀਵਾਲ, ਐਡ. ਰਘਵਿੰਦਰ ਸਿੰਘ ਸਿੱਧੂ, ਐਡ. ਜਗਦੀਪ ਸਿੰਘ ਸੰਧੂ ਤੇ ਐਡ. ਦਰਸ਼ਨ ਸਿੰਘ ਸਿੱਧੂ ਨੇ ਕਿਹਾ ਕਿ ਮੌਜੂਦਾ ਲੀਗਲ ਏਡ ਡਿਫੈਂਸ ਕੌਂਸਲ ਨੀਤੀ ’ਚ ਕਈ ਖ਼ਾਮੀਆਂ ਹਨ। ਇਸ ਕਾਰਨ ਵਕੀਲਾਂ ਦੀ ਪੇਸ਼ੇਵਰ ਸੁਤੰਤਰਤਾ ਤੇ ਹਿੱਤ ਪ੍ਰਭਾਵਿਤ ਹੋ ਰਹੇ ਹਨ। ਮੌਜੂਦਾ ਪ੍ਰਣਾਲੀ ਪਾਰਦਰਸ਼ੀ ਨਹੀਂ ਹੈ ਤੇ ਇਸ ’ਚ ਸੁਧਾਰ ਦੀ ਲੋੜ ਹੈ। ਬਾਰ ਐਸੋਸੀਏਸ਼ਨ ਦੇ ਮਤੇ ਅਨੁਸਾਰ ਅੱਜ ਤੋਂ ਸ਼ੁਰੂ ਹੋਈ ਇਹ ਮੁਕੰਮਲ ਹੜਤਾਲ ਜੁਆਇੰਟ ਐਕਸ਼ਨ ਕਮੇਟੀ ਦੇ ਅਗਲੇ ਫ਼ੈਸਲੇ ਤੱਕ ਜਾਰੀ ਰਹੇਗੀ। ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦਾ ਕੋਈ ਵੀ ਮੈਂਬਰ ਕਿਸੇ ਵੀ ਅਦਾਲਤ, ਟ੍ਰਿਬਿਊਨਲ ਜਾਂ ਹੋਰ ਅਥਾਰਟੀ ਅੱਗੇ ਪੇਸ਼ ਨਹੀਂ ਹੋਵੇਗਾ।
