ਮਹਿਲਾ ਸਾਥੀ ’ਤੇ ਹੋਏ ਹਮਲੇ ਦੇ ਵਿਰੋਧ ਵਿੱਚ ਵਕੀਲਾਂ ਵੱਲੋਂ ਰੋਸ ਪ੍ਰਦਰਸ਼ਨ
ਇੱਕ ਮਹਿਲਾ ਵਕੀਲ ’ਤੇ ਹੋਏ ਹਮਲੇ ਤੋਂ ਬਾਅਦ ਅਬੋਹਰ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਹੜਤਾਲ ਕਰਦਿਆਂ ਰੋਸ ਪ੍ਰਗਟ ਕੀਤਾ ਹੈ। ਐਤਵਾਰ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਵਾਈ ਵਕੀਲ ਆਭਾ ਬਾਗਲਾ ਨੇ ਦੱਸਿਆ ਕਿ ਜਦੋਂ ਉਹ ਇੱਥੋਂ ਦੀ...
ਇੱਕ ਮਹਿਲਾ ਵਕੀਲ ’ਤੇ ਹੋਏ ਹਮਲੇ ਤੋਂ ਬਾਅਦ ਅਬੋਹਰ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਹੜਤਾਲ ਕਰਦਿਆਂ ਰੋਸ ਪ੍ਰਗਟ ਕੀਤਾ ਹੈ। ਐਤਵਾਰ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਵਾਈ ਵਕੀਲ ਆਭਾ ਬਾਗਲਾ ਨੇ ਦੱਸਿਆ ਕਿ ਜਦੋਂ ਉਹ ਇੱਥੋਂ ਦੀ ਅਨਾਜ ਮੰਡੀ ਵਿੱਚ ਆਪਣੀ ਦੁਕਾਨ ’ਤੇ ਗਈ ਸੀ ਤਾਂ ਇੱਕ ਵਿਅਕਤੀ ਨੇ ਲੋਹੇ ਦੀ ਰਾਡ ਨਾਲ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਉਸ ਦੀ ਬਾਂਹ ਫੈਕਚਰ ਹੋ ਗਈ ਅਤੇ ਬਾਅਦ ਵਿੱਚ ਜਾਣਕਾਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਕਰੀਬ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦਾ ਆਪਣੀ ਭੈਣ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।
ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਨਾਲ ਮੁਲਾਕਾਤ ਕਰਕੇ ਕਾਨੂੰਨੀ ਭਾਈਚਾਰੇ ਦੀ ਚਿੰਤਾ ਪ੍ਰਗਟਾਈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸਿਟੀ-1 ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਵਫ਼ਦ ਨੂੰ ਦੱਸਿਆ ਕਿ ਗਊਸ਼ਾਲਾ ਰੋਡ ਦੇ ਰਹਿਣ ਵਾਲੇ ਦਿਨੇਸ਼ ਕੁਮਾਰ ਖ਼ਿਲਾਫ਼ ਬੀ ਐੱਨ ਐੱਸ (BNS) ਦੀਆਂ ਧਾਰਾਵਾਂ 304(2) ਅਤੇ 115(2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਪਰ ਉਹ ਆਪਣੀ ਰਿਹਾਇਸ਼ 'ਤੇ ਨਹੀਂ ਮਿਲਿਆ। ਮੁਲਜ਼ਮਾਂ ਨੂੰ ਫੜਨ ਲਈ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ। ਐੱਸ ਐੱਚ ਓ (SHO) ਨੇ ਕਿਹਾ ਕਿ ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇਗੀ।

