ਵਕੀਲ ਖਿਲਾਫ਼ ਕੇਸ ਨੂੰ ਲੈ ਕੇ ਵਕੀਲਾਂ ਦੀ ਸੂਬਾ ਪੱਧਰੀ ਹੜਤਾਲ !
ਸ੍ਰੀ ਮੁਕਤਸਰ ਸਾਹਿਬ ਦੇ ਇੱਕ ਵਕੀਲ ਖਿਲਾਫ਼ ਪੁਲੀਸ ਵੱਲੋਂ ਦਰਜ ਕੀਤੇ ਮੁਕਦਮੇ ਨੂੰ ਲੈ ਕੇ ਪਿਛਲੇ ਕਰੀਬ 14 ਦਿਨਾਂ ਤੋਂ ਸ਼ੁਰੂ ਹੋਇਆ ਵਿਵਾਦ ਹੁਣ ਸੂਬਾ ਪੱਧਰ ’ਤੇ ਫੇਲ੍ਹ ਗਿਆ ਹੋਇਆ ਹੈ ਜਿਸਦੇ ਚੱਲਦਿਆਂ ਸਟੇਟ ਬਾਰ ਕੌਂਸਲ ਵੱਲੋਂ 13 ਅਤੇ 14 ਨਵੰਬਰ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਇਸਦੇ ਨਾਲ ਹੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਇਸੇ ਮੁੱਦੇ ਨੂੰ ਲੈ ਕੇ ਵਕੀਲਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁਕਤਸਰ ਫੇਰੀ ਦੌਰਾਨ ਕਾਲੀਆਂ ਝੰਡੀਆਂ ਵਿਖਾਕੇ ਰੋਸ ਪ੍ਰਗਟਾਵਾ ਵੀ ਕੀਤਾ ਗਿਆ ਸੀ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਧਨਵੰਤ ਸਿੰਘ ਉਪਲ ਨੇ ਦੱਸਿਆ ਕਿ ਪਿੰਡ ਜਵਾਹਰੇਵਾਲਾ ਵਿੱਖੇ 29 ਅਕਤੂਬਰ ਨੂੰ ਹੋਏ ਇੱਕ ਝਗੜੇ ਸਬੰਧੀ ਥਾਨਾ ਸਦਰ ’ਚ ਕਰਾਸ ਕੇਸ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ’ਚ ਸ਼ਾਮਲ ਐਡਵੋਕੇਟ ਹਰਮਨਦੀਪ ਸਿੰਘ ਸੰਧੂ ਅਤੇ ਉਸਦੇ ਸਾਥੀਆਂ ਖਿਲਾਫ਼ ਇਰਾਦਾ ਕਤਲ ਦੀ ਧਾਰਾ ਕਥਿਤ ਤੌਰ ’ਤੇ ਝੂਠੀ ਸੀ ਜੋ ਕਿ ਬਾਅਦ ਵਿੱਚ ਪੁਲੀਸ ਨੇ ਰੱਦ ਕਰ ਦਿੱਤੀ ਪਰ ਨਾਲ ਹੀ ਪੁਲੀਸ ਨੇ ਕਥਿਤ ਤੌਰ ’ਤੇ ਲੜਾਈ ਤੋਂ ਤਿੰਨ ਦਿਨ ਬਾਅਦ 31 ਅਕਤੂਬਰ ਨੂੰ ਗੁਰਜੀਤ ਸਿੰਘ ਨੂੰ ਇਸ ਕੇਸ ਵਿੱਚ ਸ਼ਾਮਲ ਕਰਕੇ ਉਸਦੇ ਗੰਭੀਰ ਸੱਟਾਂ ਵਿਖਾਕੇ ਵਕੀਲ ਦੇ ਖਿਲਾਫ ਸ਼ਿਕਾਇਤ ਦਿੱਤੀ, ਜਦੋਂ ਕਿ ਉਸ ਸਮੇਂ ਵਕੀਲ ਅਤੇ ਉਸਦੇ ਸਾਥੀ ਹਸਪਤਾਲ ’ਚ ਦਾਖਲ ਸਨ।
ਡਾਕਟਰੀ ਰਿਪੋਰਟ ਅਨੁਸਾਰ ਵੀ ਸੱਟਾਂ ਮਹਿਜ਼ 6 ਘੰਟੇ ਪੁਰਾਣੀਆਂ ਸਨ। ਬਾਰ ਐਸੋਸੀਏਸ਼ਨ ਵੱਲੋਂ ਵਾਰ-ਵਾਰ ਇਹ ਮਾਮਲਾ ਪੁਲੀਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਕੇ ਸ਼ਿਕਾਇਤ ਖਾਰਜ ਕਰਨ ਲਈ ਕਿਹਾ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪ੍ਰਧਾਨ ਨੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸ਼ਾਮਲ ਹਨ ਕਿਉਂਕੇ ਦੂਜੀ ਧਿਰ ਵਿੱਚ ‘ਆਪ’ ਦੇ ਆਗੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਕਾਕਾ ਬਰਾੜ ਦੇ ਇਸ ਪੱਖਪਾਤੀ ਰਵੱਈਏ ਕਾਰਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਉਸਦਾ ਬਾਈਕਾਟ ਕੀਤਾ ਜਾਂਦਾ ਹੈ।
ਇਸ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਸਾਰੇ ਲੋਕ ਬਰਾਬਰ ਹਨ ਤੇ ਉਨ੍ਹਾਂ ਕੋਈ ਪੱਖਪਾਤ ਨਹੀਂ ਕੀਤਾ।
