ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਜੂਨ
ਫ਼ੌਜ ’ਚ ਲਫ਼ਟੈਣ ਬਣਨ ਉਪਰੰਤ ਪਹਿਲੀ ਵਾਰ ਪਿੰਡ ਜਲਾਲਾਬਾਦ ਪੂਰਬੀ (ਧਰਮਕੋਟ) ਪੁੱਜਣ ਉੱਤੇ ਲਵਨੀਤ ਸਿੰਘ ਦਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਤੇ ਹੋਰ ਪਿੰਡ ਵਾਸੀਆਂ ਨੇ ਗਰਮਜੋਸ਼ੀ ਅਤੇ ਸ਼ਾਹੀ ਅੰਦਾਜ਼ ਵਿੱਚ ਸਵਾਗਤ ਕੀਤਾ। ਇਸ ਮੌਕੇ ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਖਿਆ ਕਿ ਬੇਸ਼ੱਕ ਸਰਹੱਦਾਂ ’ਤੇ ਮੌਤ ਨੱਚਦੀ ਹੈ ਪਰ ਫਿਰ ਵੀ ਨੌਜਵਾਨਾਂ ਦੇ ਦਿਲਾਂ ’ਚੋਂ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਉਨ੍ਹਾਂ ਪਰਿਵਾਰ ਦੀ ਸ਼ਲਾਘਾ ਕਰਦੇ ਆਖਿਆ ਕਿ ਇਕਲੌਤਾ ਪੁੱਤਰ ਹੋਣ ਦੇ ਬਾਵਜੂਦ ਮਾਂ-ਪਿਓ ਨੇ ਦੇਸ਼ ਦੀ ਸੇਵਾ ਲਈ ਭੇਜਿਆ ਹੈ। ਇਸ ਮੌਕੇ ਲਵਨੀਤ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਜਿਸ ਨੂੰ ਫ਼ੌਜ ਵਿੱਚ ਉੱਚ ਪੱਦਵੀ ਨਾਲ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਕੁਝ ਦਿਨ ਪਹਿਲਾਂ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਵਿੱਚ ਪਾਸ ਆਊਟ ਹੋਏ ਨਵੇਂ ਰੰਗਰੂਟਾਂ ’ਚ ਉਹ ਸੂਬੇ ਦਾ ਇਕੱਲਾ ਸੀ, ਜਿਸ ਨੂੰ ਮੈਰਿਟ ’ਚ ਤੀਜਾ ਸਥਾਨ ਮਿਲਿਆ ਅਤੇ ਸਿੱਖ ਲਾਈਟ ਇਨਫ਼ੈਂਟਰੀ ’ਚ ਕਮਿਸ਼ਨ ਮਿਲਿਆ। ਇਸ ਮੌਕੇ ਪਿਤਾ ਰੁਪਿੰਦਰ ਸਿੰਘ ਅਤੇ ਪ੍ਰਵੀਨ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੀ ਇਸ ਪ੍ਰਾਪਤੀ ਅਤੇ ਦੇਸ਼ ਦੀ ਸੇਵਾ ਲਈ ਚੁਣੇ ਜਾਣ ਉੱਤੇ ਮਾਣ ਹੈ। ਉਨ੍ਹਾਂ ਕਿਹਾ ਕਿ ਉਹ ਮੂਲ ਰੂਪ ਵਿੱਚ ਗੰਗਾ ਨਗਰ (ਰਾਜਸਥਾਨ) ਜ਼ਿਲ੍ਹੇ ਦੇ ਪਿੰਡ ’ਚੋਂ ਆ ਕੇ ਇਥੇ ਪਿੰਡ ਜਲਾਲਾਬਾਦ ਪੂਰਬੀ (ਧਰਮਕੋਟ) ਵਿੱਚ ਖੇਤੀ ਦੇ ਨਾਲ ਸਹਾਇਕ ਧੰਦੇ ਵਜੋਂ ਡੇਅਰੀ ਫ਼ਾਰਮਿੰਗ ਦਾ ਕਾਰੋਬਾਰ ਕਰ ਰਹੇ ਹਨ।