ਦਮਦਮਾ ਸਾਹਿਬ ’ਚ ਵੱਡੀ ਗਿਣਤੀ ਸੰਗਤ ਨਤਮਸਤਕ
ਮਾਘ ਮਹੀਨੇ ਦੀ ਸੰਗਰਾਂਦ ਦੇ ਭੋਗ ਮਗਰੋਂ ਕੀਰਤਨੀ ਜਥਿਆਂ ਨੇ 40 ਮੁਕਤਿਆਂ ਬਾਰੇ ਚਾਨਣਾ ਪਾਇਆ
ਮੇਲਾ ਮਾਘੀ ਮੌਕੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚ ਸਮੇਤ ਇੱਥੋਂ ਦੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ ਅਤੇ ਠੰਢ ਦੇ ਬਾਵਜੁੂਦ ਸਰੋਵਰਾਂ ਵਿੱਚ ਇਸ਼ਨਾਨ ਕੀਤਾ। ਸੰਗਤ ਨੇ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਣ ਦੇ ਨਾਲ-ਨਾਲ ਜਿੱਥੇ ਤਖ਼ਤ ਸਾਹਿਬ ਅਤੇ ਬਾਬਾ ਡੱਲ ਸਿੰਘ ਜੀ ਖਾਨਦਾਨ ਕੋਲ ਸੁਸ਼ੋਵਿਤ ਇਤਿਹਾਸਕ ਵਸਤਾਂ ਦੇ ਦਰਸ਼ਨ ਕੀਤੇ ਉੱਥੇ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਚਿੱਤਰ ਪ੍ਰਦਰਸ਼ਨੀ ਦੇਖੀ।
ਸਵੇਰ ਸਮੇਂ ਤਖ਼ਤ ਸਾਹਿਬ ਵਿੱਚ ਮਾਘ ਮਹੀਨੇ ਦੀ ਸੰਗਰਾਂਦ ਦੇ ਭੋਗ ਪਾਏ ਅਤੇ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਅਰਦਾਸ ਕੀਤੀ ਅਤੇ ਮਾਘੀ ਦੇ ਦਿਹਾੜੇ, ਚਾਲ੍ਹੀ ਮੁਕਤਿਆਂ ਅਤੇ ਦਮਦਮਾ ਸਾਹਿਬ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ। ਇਸ ਉਪਰੰਤ ਸਜਾਏ ਗਏ ਧਾਰਮਿਕ ਸਮਾਗਮਾਂ ਦੌਰਾਨ ਜਿੱਥੇ ਸਾਰਾ ਦਿਨ ਕਥਾ ਕੀਰਤਨ ਰਾਹੀਂ ਸਿੱਖ ਵਿਦਵਾਨਾਂ ਅਤੇ ਰਾਗੀ ਜਥਿਆਂ ਨੇ ਸੰਗਤ ਨੂੰ ਨਿਹਾਲ ਕੀਤਾ, ਉੱਥੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਵਾਰਾਂ ਸੁਣਾਈਆਂ। ਸਵੇਰ ਸਮੇਂ ਭਾਵੇਂ ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਸ਼ਰਧਾਲੂਆਂ ਦੀ ਆਮਦ ਘੱਟ ਸੀ ਪਰ ਦੁਪਹਿਰ ਤੱਕ ਧੁੱਪ ਨਿੱਕਲਣ ਕਰਕੇ ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂਆਂ ਨੇ ਤਖ਼ਤ ਸਾਹਿਬ ਸਮੇਤ ਹੋਰਨਾਂ ਗੁਰਦੁਆਰਿਆਂ ਵਿੱੱਚ ਮੱਥਾ ਟੇਕਿਆ।
ਮੇਲੇ ਵਿੱਚ ਸ਼ਰਧਾਲੂਆਂ ਲਈ ਚਾਹ, ਬਰੈੱਡ-ਪਕੌੜਿਆਂ, ਜਲੇਬੀਆਂ ਅਤੇ ਹੋਰ ਪਕਵਾਨਾਂ ਦੇ ਲੰਗਰ ਚਲਾਏ ਗਏ। ਗੁਰੂ ਕਾਸ਼ੀ ਸਾਹਿਤ ਸਭਾ ਅਤੇ ਕਵੀਸ਼ਰੀ ਵਿਕਾਸ ਮੰਚ ਤਲਵੰਡੀ ਸਾਬੋ ਵੱਲੋਂ ਕਵੀਸ਼ਰੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪਹੁੰਚੇ ਕਵੀਸ਼ਰੀ ਜਥਿਆਂ ਅਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੇਲੇ ਮੌਕੇ ਬਸਪਾ ਸੁਪਰੀਮੋ ਮਾਇਆਵਤੀ ਦੇ ਜਨਮ ਦਿਨ ਦੇ ਸਬੰਧ ਵਿੱਚ ਪਾਰਟੀ ਵੱਲੋਂ ਕਾਨਫਰੰਸ ਕੀਤੀ ਗਈ ਜਿਸ ਨੂੰ ਵੱਖ-ਵੱਖ ਬੁਲਾਰਿਆਂ ਨੇ ਸਬੋਧਨ ਕੀਤਾ।

