Land Dispute Resolution: ਅਧਿਕਾਰੀਆਂ ਦੀ ਸੂਝ ਨਾਲ ਜ਼ਮੀਨ ਕੁਰਕ ਹੋਣ ਤੋਂ ਬਚੀ
ਪੁਰਾਣੇ ਕਰਜ਼ਾ ਵਿਵਾਦ ਵਿੱਚ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਵੱਲੋਂ ਖੁੱਲ੍ਹੀ ਬੋਲੀ ਕਰਵਾਉਣ ਦੇ ਸਟੈਂਡ ਮਗਰੋਂ ਆੜ੍ਹਤੀਏ ਅਤੇ ਕਿਸਾਨ ਵਿਚਾਲੇ 6.69 ਲੱਖ ਰੁਪਏ ਦੀ ਦੇਣਦਾਰੀ ਦਾ ਮਾਮਲਾ ਤਿੰਨ ਲੱਖ ਰੁਪਏ ਵਿੱਚ ਨਿੱਬੜ ਗਿਆ। ਇਸ ਨਾਲ ਪਿੰਡ ਲੁਹਾਰਾ ਦੇ ਕਿਸਾਨ ਲਾਭ...
ਪੁਰਾਣੇ ਕਰਜ਼ਾ ਵਿਵਾਦ ਵਿੱਚ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਵੱਲੋਂ ਖੁੱਲ੍ਹੀ ਬੋਲੀ ਕਰਵਾਉਣ ਦੇ ਸਟੈਂਡ ਮਗਰੋਂ ਆੜ੍ਹਤੀਏ ਅਤੇ ਕਿਸਾਨ ਵਿਚਾਲੇ 6.69 ਲੱਖ ਰੁਪਏ ਦੀ ਦੇਣਦਾਰੀ ਦਾ ਮਾਮਲਾ ਤਿੰਨ ਲੱਖ ਰੁਪਏ ਵਿੱਚ ਨਿੱਬੜ ਗਿਆ। ਇਸ ਨਾਲ ਪਿੰਡ ਲੁਹਾਰਾ ਦੇ ਕਿਸਾਨ ਲਾਭ ਸਿੰਘ ਦੀ ਜ਼ਮੀਨ ਕੁਰਕ ਹੋਣ ਤੋਂ ਬਚ ਗਈ। ਭਾਈਚਾਰਕ ਰਾਜ਼ੀਨਾਮੇ ਤਹਿਤ ਰਕਮ 20 ਦਿਨਾਂ ਬਾਅਦ ਅਦਾ ਕੀਤੀ ਜਾਵੇਗੀ। ਆੜ੍ਹਤੀਆ ਧਿਰ ਕੁਲੈਕਟਰ ਦਰਾਂ ਉੱਤੇ ਨੀਲਾਮੀ ਚਾਹੁੰਦੀ ਸੀ ਪਰ ਨਾਇਬ ਤਹਿਸੀਲਦਾਰ ਨੇ ਖੁੱਲ੍ਹੀ ਬੋਲੀ ਕਰਵਾਉਣ ਦਾ ਫ਼ੈਸਲਾ ਕੀਤਾ।
ਇਹ ਮਾਮਲਾ 15 ਸਾਲ ਪੁਰਾਣਾ ਹੈ। ਲਾਭ ਸਿੰਘ ਨੇ ਪੁੱਤਰ ਦੇ ਇਲਾਜ ਲਈ ਆੜ੍ਹਤੀਏ ਤੋਂ 20 ਹਜ਼ਾਰ ਰੁਪਏ ਕਰਜ਼ਾ ਲਿਆ ਸੀ, ਜੋ ਵਿਆਜ ਸਮੇਤ 6.69 ਲੱਖ ਰੁਪਏ ਬਣ ਗਿਆ। ਅਦਾਲਤੀ ਫ਼ੈਸਲਾ ਆੜ੍ਹਤੀਏ ਦੇ ਹੱਕ ਵਿੱਚ ਆਉਣ ਕਾਰਨ ਜੁਲਾਈ 2025 ਤੋਂ ਲੈ ਕੇ ਅੱਜ ਨੀਲਾਮੀ ਵਾਰੰਟ ਦੀ ਸੱਤਵੀਂ ਤਰੀਕ ਸੀ। ਪਹਿਲਾਂ ਵੀ ਉਗਰਾਹਾਂ ਜਥੇਬੰਦੀ ਦੇ ਵਿਰੋਧ ਕਾਰਨ ਕਾਰਵਾਈ ਨਹੀਂ ਹੋ ਸਕੀ ਸੀ।
ਅੱਜ ਪਿੰਡ ਦੀ ਧਰਮਸ਼ਾਲਾ ਵਿੱਚ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਦੀ ਅਗਵਾਈ ਹੇਠ ਕਿਸਾਨ ਪੁੱਜੇ ਸਨ। ਸੁਰੱਖਿਆ ਲਈ ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਦੀ ਅਗਵਾਈ ਹੇਠ ਪੁਲੀਸ ਤਾਇਨਾਤ ਸੀ। ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਨੇ ਰਾਜ਼ੀਨਾਮੇ ਉੱਤੇ ਤਸੱਲੀ ਪ੍ਰਗਟਾਈ, ਜਦਕਿ ਗੁਰਪਾਸ਼ ਸਿੰਘੇਵਾਲਾ ਨੇ ਇਸ ਨੂੰ ਕਿਸਾਨਾਂ ਦੀ ਜਿੱਤ ਦੱਸਿਆ। ਇਸ ਮੌਕੇ ਹਰਪਾਲ ਸਿੰਘ ਕਿੱਲਿਆਂਵਾਲੀ, ਮਨੋਹਰ ਸਿੱਖਵਾਲਾ, ਸੁਖਵੀਰ ਵੜਿੰਗਖੇੜਾ, ਗੁਰਤੇਜ ਸਿੰਘ ਖੁਡੀਆਂ ਅਤੇ ਦਲਜੀਤ ਸਿੰਘ ਮਿਠੜੀ ਮੌਜੂਦ ਸਨ।

