ਨਿਜੀ ਪੱਤਰ ਪ੍ਰੇਰਕ
ਮੋਗਾ, 3 ਮਾਰਚ
ਰਾਜ ਸਰਕਾਰ ਨੇ ਸੂਬੇ ’ਚ ਰਿਹਾਇਸ਼ੀ ਤੇ ਵਪਾਰਕ ਜ਼ਮੀਨਾਂ ਦੇ ਕੁਲੈਕਟਰ ਰੇਟਾਂ ’ਚ ਵਾਧਾ ਕਰ ਦਿੱਤਾ ਹੈ ਜਦੋਂਕਿ ਖੇਤੀ ਜ਼ਮੀਨਾਂ ਸਣੇ ਜਾਇਦਾਦਾਂ ਦੇ ਭਾਅ ਅਰਸ਼ ਤੋਂ ਫਰਸ਼ ਉੱਤੇ ਹਨ। ਤਹਿਸੀਲਦਾਰ ਕਮ ਕਾਰਜਕਾਰੀ ਜ਼ਿਲ੍ਹਾ ਮਾਲ ਅਫ਼ਸਰ ਕਰਨ ਗੁਪਤਾ ਤੇ ਨਾਇਬ ਤਹਿਸੀਲਦਾਰ ਦੀਪਕ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ’ਚ 5 ਫ਼ੀਸਦੀ ਰਿਹਾਇਸ਼ੀ ਤੇ 10 ਫ਼ੀਸਦੀ ਵਪਾਰਕ ਜਾਇਦਾਦਾਂ ਉੱਤੇ ਵਧਿਆ ਕੁਲੈਕਟਰ ਰੇਟ 1 ਮਾਰਚ ਤੋਂ ਲਾਗੂ ਹੋ ਗਿਆ ਹੈ। ਪੇਂਡੂ ਖੇਤਰਾਂ ’ਚ ਕੌਮੀ ਮਾਰਗਾਂ ਉੱਤੇ ਲਗਦੇ ਕੁਝ ਪਿੰਡਾਂ ਦੀਆਂ ਜ਼ਮੀਨਾਂ ਦੇ ਕੁਲੈਕਟਰ ਰੇਟ ਵੀ ਵਧਾਏ ਗਏ ਹਨ।
ਕੋਵਿਡ ਕਰਕੇ ਪਿਛਲੇ ਵਰ੍ਹੇ ਸੂਬੇ ’ਚ ਕੁਲੈਕਟਰ ਰੇਟ ਸੋਧੇ ਨਹੀਂ ਜਾ ਸਕੇ ਤੇ ਹੁਣ ਜਨਵਰੀ ਵਿੱਚ ਕੁਲੈਕਟਰ ਲਾਗੂ ਹੋ ਜਾਣੇ ਸਨ ਪਰ ਸੂਬੇ ’ਚ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਕਾਰਨ ਸਰਕਾਰ ਨੇ ਦੋ ਮਹੀਨੇ ਟਾਲ ਦਿੱਤੇ ਤੇ ਹੁਣ ਚੋਣ ਪ੍ਰਕਿਰਿਆ ਮੁਕੰਮਲ ਹੁੰਦੇ ਲਾਗੂ ਕਰ ਦਿੱਤੇ ਹਨ। ਕੋਵਿਡ ਮਹਾਂਮਾਰੀ ਕਰਕੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਮਾਰਕੀਟ ਦੀ ਸਥਿਤੀ ਮੁਤਾਬਕ ਕੁਲੈਕਟਰ ਰੇਟਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕੀ।
ਕੈਪਟਨ ਸਰਕਾਰ ਨੇ ਸਾਲ 2017 ਵਿੱਚ ਦਿਹਾਤੀ ਖੇਤਰਾਂ’ਚ 10 ਫ਼ੀਸਦੀ ਤੇ ਸ਼ਹਿਰੀ ਖ਼ੇਤਰਾਂ ’ਚ 5 ਫ਼ੀਸਦੀ ਕੁਲੈਕਟਰ ਰੇਟ ਘੱਟ ਕਰਕੇ ਸ਼ਹਿਰੀ ਖੇਤਰਾਂ ’ਚ 3 ਫ਼ੀਸਦੀ ਵਸੂਲਿਆ ਜਾਦਾਂ ਸਮਾਜਿਕ ਸੁਰੱਖਿਆ ਫੰਡ ਖ਼ਤਮ ਕਰ ਦਿੱਤਾ ਸੀ।
ਮੋਗਾ ਵਿੱਚ ਲਾਗੂ ਨਿਯਮ ਸ਼ਹਿਰੀ ਮਕਾਨ ਖਰੀਦ ਵੇਲੇ ਇਮਾਰਤ ਦੀ ਫੋਟੋ ਤੇ ਨਕਸ਼ਾ ਤੇ ਖੇਤੀ ਜ਼ਮੀਨ ਦੀ ਰਜਿਸਟਰੀ ਨਾਲ ਗਿਰਦਾਵਰੀ ਜ਼ਰੂਰੀ ਹੋਵੇਗੀ। ਫਰਦ 15 ਦਿਨ ਪੁਰਾਣੀ ਮੰਨੀ ਜਾਵੇਗੀ। 2 ਮਰਲੇ ਤੱਕ ਦੀ ਰਜਿਸਟਰੀ ਨੂੰ ਵਾਪਰਕ ਤੇ 2 ਕਨਾਲ ਨੂੰ ਰਿਹਾਇਸ਼ੀ ਅਸ਼ਟਾਮ ਫ਼ੀਸ ਲੱਗੀ।