ਕਿਸਾਨਾਂ ਦੇ ਵਿਰੋਧ ਕਾਰਨ ਜ਼ਮੀਨ ਦੀ ਨਿਲਾਮੀ ਰੁਕੀ
ਰਾਮਾਂ ਮੰਡੀ ਦੇ ਆੜ੍ਹਤੀ ਦੇ ਕਰਜ਼ੇ ਬਦਲੇ ਅੱਜ ਕਿਸਾਨ ਗੁਰਮੇਲ ਸਿੰਘ ਦੀ ਜ਼ਮੀਨ ਦੀ ਨਿਲਾਮੀ ਕਰਨ ਲਈ ਤਹਿਸੀਲਦਾਰ ਤੇ ਹੋਰ ਅਧਿਕਾਰੀ ਪਿੰਡ ਚੱਠੇਵਾਲਾ ਪੁੱਜੇ। ਇਸ ਦੌਰਾਨ ਬੀ ਕੇ ਯੂ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਤੇ ਪੁਲੀਸ ਵਿਚਾਲੇ ਧੱਕਾਮੁੱਕੀ ਹੋਈ, ਜਿਸ ਕਾਰਨ ਅਧਿਕਾਰੀਆਂ ਨੂੰ ਖਾਲੀ ਹੱਥ ਮੁੜਨਾ ਪਿਆ। ਜਾਣਕਾਰੀ ਅਨੁਸਾਰ ਆੜ੍ਹਤੀ ਵੱਲੋਂ ਕਰਜ਼ੇ ਬਦਲੇ ਕਿਸਾਨ ਗੁਰਮੇਲ ਸਿੰਘ ਦੀ ਜ਼ਮੀਨ ਦੀ ਕੁਰਕੀ ਅਦਾਲਤ ’ਚੋਂ ਲਿਆਂਦੀ ਗਈ ਸੀ। ਜ਼ਮੀਨ ਦੀ ਨਿਲਾਮੀ ਕਰਨ ਲਈ ਅੱਜ ਤਹਿਸੀਲਦਾਰ ਤਲਵੰਡੀ ਸਾਬੋ ਪੁਲੀਸ ਫੋਰਸ ਸਮੇਤ ਪਿੰਡ ਚੱਠੇਵਾਲਾ ਦੀ ਸਹਿਕਾਰੀ ਸੁਸਾਇਟੀ ਵਿੱਚ ਪੁੱਜੇ। ਇਸ ਬਾਰੇ ਜਦੋਂ ਬੀਕੇਯੂ (ਉਗਰਾਹਾਂ) ਦੇ ਕਾਰਕੁਨਾਂ ਨੂੰ ਪਤਾ ਲੱਗਾ ਤਾਂ ਯੂਨੀਅਨ ਵਰਕਰ ਤੇ ਕਿਸਾਨ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਹੇਠ ਪਿੰਡ ਚੱਠੇਵਾਲਾ ਵਿੱਚ ਇਕੱਠੇ ਹੋ ਗਏ। ਉਨ੍ਹਾਂ ਨਿਲਾਮੀ ਕਰਨ ਆਏ ਅਧਿਕਾਰੀਆਂ ਨੂੰ ਘੇਰ ਕੇ ਨਾਅਰੇਬਾਜ਼ੀ ਕੀਤੀ। ਇਸ ਵਿਰੋਧ ਕਾਰਨ ਜ਼ਮੀਨ ਦੀ ਨਿਲਾਮੀ ਕਰਨ ਆਏ ਅਧਿਕਾਰੀਆਂ ਨੂੰ ਬੇਰੰਗ ਮੁੜਨਾ ਪਿਆ। ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਕਰਜ਼ੇ ਬਦਲੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਿਸਾ਼ਨ ਯੂਨੀਅਨ ਨਹੀਂ ਹੋਣ ਦੇਵੇਗੀ। ਇਸ ਮੌਕੇ ਕਾਲਾ ਚੱਠੇਵਾਲਾ, ਕਲੱਤਰ ਸਿੰਘ ਕਲਾਲਵਾਲਾ, ਜਸਵੀਰ ਸਿੰਘ ਤਲਵੰਡੀ ਸਾਬੋ ਤੇ ਹੋਰ ਹਾਜ਼ਰ ਸਨ।
