Lambi sewerage project controversy: ਬਿਨਾਂ ਸਰਕਾਰੀ ਐਸਟੀਮੇਟ, ਮਨਜ਼ੂਰੀ ਅਤੇ ਟੈਂਡਰ ਵਿਕਾਸ ਕਾਰਜ ਸ਼ੁਰੂ
ਪੰਪ ਸਟੇਸ਼ਨ ਦੀ ਡਿੱਗੀ ਦੀ ਡੂੰਘਾਈ-ਚੌੜਾਈ ’ਤੇ ਵੀ ਸਵਾਲ ਉੱਠੇ
ਹਲਕਾ ਲੰਬੀ ਵਿੱਚ ਬਿਨਾਂ ਸਰਕਾਰੀ ਐਸਟੀਮੇਟ, ਮਨਜ਼ੂਰੀ ਅਤੇ ਟੈਂਡਰ ਦੇ ਕਰੀਬ 10 ਤੋਂ 15 ਲੱਖ ਰੁਪਏ ਦਾ ਵਿਕਾਸ ਕਾਰਜ ਕਥਿਤ ਠੇਕੇ ’ਤੇ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਕਿੱਲਿਆਂਵਾਲੀ ’ਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਕਰ ਕੇ ਡੂਮਵਾਲੀ ਐੱਸ ਟੀ ਪੀ ਤੱਕ ਪਹੁੰਚਾਉਣ ਲਈ ਮਾਲਵਾ ਰੋਡ ’ਤੇ ਪੰਪ ਸਟੇਸ਼ਨ ਲਈ ਡਿੱਗੀ ਬਣਾਈ ਜਾ ਰਹੀ ਹੈ ਜਿਸਦੀ ਤੈਅ ਪੈਮਾਇਸ਼ ਤੋਂ ਘੱਟ ਉਸਾਰੀ ਕੀਤੇ ਜਾਣ ’ਤੇ ਵੀ ਸਵਾਲ ਉੱਠੇ ਹਨ। ਜਾਣਕਾਰੀ ਮੁਤਾਬਕ ਕਾਰਜ ਪੰਚਾਇਤੀ ਰਾਜ ਵਿਭਾਗ ਲੰਬੀ ਵੱਲੋਂ ਕਰਵਾਇਆ ਜਾ ਰਿਹਾ ਹੈ, ਜੋ ਕਥਿਤ ਤੌਰ ’ਤੇ ਕਿਸੇ ਸੱਤਾਪੱਖੀ ਠੇਕੇਦਾਰ ਨੂੰ ਸੌਂਪਿਆ ਗਿਆ ਹੈ। ਜਾਣਕਾਰੀ ਮੁਤਾਬਕ ਬੀ ਡੀ ਪੀ ਓ ਦਫ਼ਤਰ ਲੰਬੀ ਵੱਲੋਂ ਮੰਗੀ ਮੌਖਿਕ ਤਜਵੀਜ਼ ਵਿੱਚ ਜਲ ਤੇ ਸੈਨੀਟੇਸ਼ਨ ਵਿਭਾਗ ਮੰਡੀ ਕਿੱਲਿਆਂਵਾਲੀ ਦੇ ਜੇ ਈ ਨੇ ਜ਼ਬਾਨੀ ਤੌਰ ’ਤੇ ਪੰਪ ਸਟੇਸ਼ਨ ਲਈ 25 ਫੁੱਟ ਡੂੰਘੀ ਤੇ 10 ਫੁੱਟ ਚੌੜੀ ਡਿੱਗੀ ਬਣਾਉਣ ਦੀ ਲੋੜ ਦੱਸੀ ਸੀ। ਹੁਣ ਉਸਾਰੀ ਤਹਿਤ ਇਸ ਦੀ ਡੂੰਘਾਈ ਸਿਰਫ਼ ਕਰੀਬ 19 ਫੁੱਟ ਅਤੇ ਚੌੜਾਈ 7 ਫੁੱਟ ਰੱਖੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਰਜ ਦੇ ਕਥਿਤ ਠੇਕੇਦਾਰ ਵੱਲੋਂ ਹੇਠਲੀ ਸਲੈਬ ਅਤੇ ਕਈ ਫੁੱਟ ਉੱਚੀ ਬਾਹਰੀ ਕੰਧ ਵੀ ਕੱਢ ਦਿੱਤੀ ਗਈ ਹੈ। ਮਾਮਲਾ ਧਿਆਨ ’ਚ ਆਉਣ ’ਤੇ ਸਰਪੰਚ ਅਤੇ ਲੋਕਾਂ ਨੇ ਦਖ਼ਲ ਦੇ ਕੇ ਕੰਮ ਰੁਕਵਾ ਦਿੱਤਾ। ਨਰਸਿੰਗ ਕਲੋਨੀ (ਬਠਿੰਡਾ) ਵੱਲੋਂ ਆਉਂਦੇ ਸੀਵਰੇਜ ਪਾਣੀ ਦਾ ਪ੍ਰੈਸ਼ਰ ਵੱਧ ਹੋਣ ਕਾਰਨ ਮੌਜੂਦਾ ਪੰਪਿੰਗ ਸਟੇਸ਼ਨ ਓਵਰਫਲੋਅ ਹੋਣ ਕਰਕੇ ਕਿੱਲਿਆਂਵਾਲੀ ਦਾ ਸੀਵਰੇਜ ਪਾਣੀ ਅਗਾਂਹ ਨਹੀਂ ਜਾਂਦਾ ਸੀ ਜਿਸਦੇ ਹੱਲ ਲਈ ਤਜਰਬੇ ਵਜੋਂ ਵੱਖਰਾ ਪੰਪ ਲਗਾ ਕੇ 6 ਇੰਚ ਪਾਈਪ ਰਾਹੀਂ ਪਾਣੀ ਸਿੱਧਾ ਐੱਸ ਟੀ ਪੀ ਵੱਲ ਬਾਈਪਾਸ ਕਰਨ ਦੀ ਯੋਜਨਾ ਹੈ। ਇੰਜ, ਲੱਖਾਂ ਰੁਪਏ ਦੇ ਕਾਰਜ ਨੂੰ ਬਿਨਾਂ ਕਿਸੇ ਤਕਨੀਕੀ ਆਧਾਰ ਸਿਰਜੇ ਤਜਰਬੇ ਵਜੋਂ ਉਸਾਰਨਾ ਸਰਕਾਰੀ ਫੰਡਾਂ ਨਾਲ ਸਿੱਧਾ ਖਿਲਵਾੜ ਜਾਪਦਾ ਹੈ। ਇਸ ਕਾਰਜ ਵਿੱਚ ਮਹਿੰਗੇ ਮੱਡ-ਪੰਪ (ਸਬਮਰਸੀਬਲ ਮੋਟਰ) ਦੀ ਖ਼ਰੀਦ ਵੀ ਸ਼ਾਮਲ ਹੈ।
ਕੰਮ ਪੰਚਾਇਤ ਵੱਲੋਂ ਕਰਵਾਇਆ ਜਾ ਰਿਹੈ: ਜੇ ਈ
ਪੰਚਾਇਤੀ ਰਾਜ ਵਿਭਾਗ ਲੰਬੀ ਦੇ ਜੇ ਈ ਸੌਰਵ ਦਾ ਕਹਿਣਾ ਸੀ ਕਿ ਪ੍ਰਾਜੈਕਟ ਦਾ ਅੰਦਾਜ਼ਨ ਖ਼ਰਚਾ 10 ਤੋਂ 15 ਲੱਖ ਰੁਪਏ ਹੈ। ਇਸ ਸਬੰਧੀ ਕਾਗਜ਼ੀ ਕਾਰਵਾਈ ਨਹੀਂ ਹੋਈ। ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਗ੍ਰਾਮ ਪੰਚਾਇਤ ਮੰਡੀ ਕਿੱਲਿਆਂਵਾਲੀ ਵੱਲੋਂ ਕਰਵਾਇਆ ਜਾ ਰਿਹਾ ਹੈ। ਜੇ ਸੈਨੀਟੇਸ਼ਨ ਵਿਭਾਗ ਲਿਖਤੀ ਰੂਪ ਵਿੱਚ ਦੇਵੇਗਾ ਤਾਂ ਡਿੱਗੀ ਹੋਰ ਡੂੰਘੀ ਕਰਵਾ ਦਿੱਤੀ ਜਾਵੇਗੀ।
ਪੰਚਾਇਤ ਵੱਲੋਂ ਕੰਮ ਨਹੀਂ ਕਰਵਾਇਆ ਜਾ ਰਿਹਾ: ਸਰਪੰਚ
ਸਰਪੰਚ ਗੁਰਮੇਲ ਸਿੰਘ ਟੋਨੀ ਨੇ ਪੰਚਾਇਤ ਵੱਲੋਂ ਅਜਿਹੇ ਕਿਸੇ ਕਾਰਜ ਕਰਵਾਉਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਘੱਟ ਸਾਈਜ਼ ਕਰਕੇ ਵਿਭਾਗ ਵੱਲੋਂ ਕਰਵਾਏ ਜਾ ਰਹੇ ਕਾਰਜ ਨੂੰ ਫਿਲਹਾਲ ਰੁਕਵਾ ਦਿੱਤਾ ਗਿਆ ਹੈ।

