Lambi news: ਮਹਿੰਗਾਈ ਤੇ ਵਪਾਰ ਸਮਝੌਤੇ ਖ਼ਿਲਾਫ਼ ਲਹਿਰ ਦਾ ਸੱਦਾ
ਨਾਨਕ ਸਿੰਘ ਦੀ ਬਰਸੀ ਮੌਕੇ ਪਾਸ਼ ਦੀ ਯਾਦਗਾਰ ’ਤੇ ਕਬਜ਼ੇ ਦੇ ਯਤਨਾਂ ਵਿਰੁੱਧ ਮਤਾ ਪਾਸ; ਨਾਨਕ ਸਿੰਘ ਨੇ ਖੇਤ ਮਜ਼ਦੂਰਾਂ ਦੇ ਹਿੱਤਾਂ ਲਈ ਪੈਰਵੀ ਕੀਤੀ: ਸੇਵੇਵਾਲਾ
ਲੰਬੀ ਹਲਕੇ ਵਿਚ ਖੇਤ ਮਜ਼ਦੂਰਾਂ ਦੀ ਜਥੇਬੰਦੀ ਦਾ ਝੰਡਾ ਗੱਡਣ ਵਾਲੇ ਮਰਹੂਮ ਆਗੂ ਨਾਨਕ ਸਿੰਘ ਦੀ 12ਵੀਂ ਬਰਸੀ ਮੌਕੇ ਅੱਜ ਮਹਿੰਗਾਈ, ਬੇਰੁਜ਼ਗਾਰੀ ਅਤੇ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਮੁੱਦੇ ਗੂੰਜੇ।
ਪਿੰਡ ਸਿੰਘੇਵਾਲਾ-ਫਤੂਹੀਵਾਲਾ ਵਿੱਚ ਸੈਮੀਨਾਰ ਦੌਰਾਨ ਬੁਲਾਰਿਆਂ ਨੇ ਸਮਝੌਤੇ ਨੂੰ ਖੇਤੀ ਤੇ ਦੇਸੀ ਸਨਅਤ ਲਈ ਖ਼ਤਰਾ ਕਰਾਰ ਦਿੰਦਿਆਂ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ ਤੇ ਮੁਲਾਜ਼ਮਾਂ ਦੀ ਸਾਂਝੀ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ‘ਆਪ’ ਸਰਕਾਰ ਵੱਲੋਂ ਮੁਲਾਜ਼ਮ ਆਗੂਆਂ ਖ਼ਿਲਾਫ਼ ਜ਼ਬਰ ਦੀ ਨੀਤੀ ਰੱਦ ਕਰਨ ਅਤੇ ਤਲਵੰਡੀ ਸਲੇਮ ਵਿੱਚ ਅਵਤਾਰ ਪਾਸ਼ ਦੀ ਯਾਦਗਾਰ ’ਤੇ ਕਬਜ਼ੇ ਦੇ ਯਤਨਾਂ ਖ਼ਿਲਾਫ਼ ਮਤੇ ਵੀ ਪਾਸ ਕੀਤੇ ਗਏ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਨਾਨਕ ਸਿੰਘ ਨੇ ਲੰਬੀ ਇਲਾਕੇ ’ਚ 18 ਸਾਲ ਖੇਤ ਮਜ਼ਦੂਰਾਂ ਦੇ ਹਿੱਤਾਂ ਲਈ ਡਟਵੀਂ ਪੈਰਵੀ ਕੀਤੀ ਤੇ ਅਣਗਿਣਤ ਜਿੱਤਾਂ ਹਾਸਲ ਕੀਤੀਆਂ। ਉਨ੍ਹਾਂ ਕਿਹਾ ਕਿ ਵਪਾਰ ਸਮਝੌਤੇ ਨਾਲ ਖੇਤੀ ਤੇ ਦੇਸੀ ਸਨਅਤ ਦਾ ਉਜਾੜਾ ਹੋਵੇਗਾ, ਜਿਸ ਨਾਲ ਪੈਦਾਵਾਰ ਘਟਣ, ਬੇਰੁਜ਼ਗਾਰੀ ਤੇ ਮਹਿੰਗਾਈ ਵਧਣ ਦਾ ਖ਼ਦਸ਼ਾ ਹੈ। ਲੋਕ ਮੋਰਚਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਈਥਾਨੌਲ ਪੈਦਾਵਾਰ ਵਾਸਤੇ ਗੰਨੇ ਨੂੰ ਝੋਕਣ ਨਾਲ 30 ਲੱਖ ਟਨ ਖੰਡ ਦੀ ਪੈਦਾਵਾਰ ਘਟੀ ਹੈ ਤੇ ਇਨ੍ਹਾਂ ਨਾਲ ਜੁੜੀਆਂ ਵਸਤਾਂ ਮਹਿੰਗੀਆਂ ਹੋਈਆਂ ਹਨ। ਇਸ ਮੌਕੇ ਗੁਰਪਾਸ਼ ਸਿੰਘੇਵਾਲਾ, ਲੋਕ ਮੋਰਚਾ ਆਗੂ ਗੁਰਦੀਪ ਖੁੱਡੀਆਂ, ਦਿਲਾਵਰ ਸਿੰਘ, ਤਰਸੇਮ ਸਿੰਘ ਖੁੰਡੇ ਹਲਾਲ, ਨੇ ਵੀ ਨਾਨਕ ਸਿੰਘ ਦੇ ਪਰਿਵਾਰ ਦੀ ਬੱਚੀ ਅਮਨਦੀਪ ਕੌਰ ਨੇ ਉਨ੍ਹਾਂ ਨੂੰ ਸ਼ਰਧਾਂਜਲੀਂ ਭੇਟ ਕੀਤੀ।

