ਮਨੋਜ ਸ਼ਰਮਾ
ਬਠਿੰਡਾ 16 ਜੂਨ
ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਬਠਿੰਡਾ ਜ਼ਿਲ੍ਹੇ ਦੀ ਸੁਸਾਇਟੀਆਂ ਵਿੱਚ ਯੂਰੀਆ ਖਾਦ ਦੀ ਘਾਟ ਹੈ। ਵੱਖ ਵੱਖ ਸਭਾਵਾਂ ਦੇ ਸੈਕਟਰੀਆਂ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਅੰਦਰ 194 ਦੇ ਕਰੀਬ ਸੁਸਾਇਟੀਆਂ ਹਨ ਅਤੇ ਬਠਿੰਡਾ ਵਿੱਚ 90 ਸੁਸਾਇਟੀਆਂ ਯੂਰੀਆ ਖਾਦ ਦੀ ਕਮੀ ਨਾਲ ਜੂਝ ਰਹੀਆਂ ਹਨ। ਇਸੇ ਦੌਰਾਨ ਬਠਿੰਡਾ ਜ਼ਿਲ੍ਹੇ ਅੰਦਰ ਪੈਂਦੇ ਰਾਮਪੁਰਾ ਸਰਕਲ ਦੀ 56 ਸੁਸਾਇਟੀਆਂ ਵਿੱਚੋਂ ਇੱਕਾ-ਦੁੱਕਾ ਸੁਸਾਇਟੀਆਂ ਨੂੰ ਛੱਡ ਕੇ ਰਾਮਪੁਰਾ ਫੂਲ ਅੰਦਰ ਸਟਾਕ ਫੁੱਲ ਦੱਸੇ ਜਾ ਰਹੇ ਹਨ।
ਸੂਤਰ ਦੱਸਦੇ ਹਨ ਕਿ ਰਾਮਪੁਰਾ ਫੂਲ ਦੇ ਇੱਕ ਵੱਡੇ ਸਿਆਸੀ ਆਗੂ ਦੇ ਪਿਤਾ ਖਾਦ ਬਣਾਉਣ ਵਾਲੇ ਅਦਾਰੇ ਦੇ ਚੇਅਰਮੈਨ ਹਨ ਜਿਸ ਦਾ ਵੱਡਾ ਫਾਇਦਾ ਰਾਮਪੁਰਾ ਫੂਲ ਨੂੰ ਪੁੱਜਦਾ ਹੈ ਜਦੋਂ ਕਿ ਦੂਜੇ ਸਰਕਲ ਫਾਡੀ ਰਹਿ ਜਾਂਦੇ ਹਨ। ਬਠਿੰਡਾ ਅੰਦਰ ਤਿੰਨ ਸਰਕਲ ਹਨ ਜਿਸ ਵਿਚ ਬਠਿੰਡਾ, ਰਾਮਪੁਰਾ, ਤਲਵੰਡੀ ਸਾਬੋ ਸ਼ਾਮਲ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਬਠਿੰਡਾ ਵਿੱਚ ਰੇਲਵੇ ਦਾ ਵੱਡਾ ਨੈੱਟਵਰਕ ਹੋਣ ਦੇ ਬਾਵਜੂਦ ਵੀ ਖਾਦ ਦਾ ਰੈਕ ਰਾਮਪੁਰਾ ਫੂਲ ਵਿੱਚ ਲੱਗਦਾ ਹੈ। ਇੱਕ ਸਭਾ ਦੇ ਸੈਕਟਰੀ ਨੇ ਦੱਸਿਆ ਕਿ ਬਠਿੰਡਾ ਵਿੱਚ ਬਣੇ ਖਾਦ ਕਾਰਖਾਨੇ ਐੱਨਐਫਐਲ ਲਿਮਟਿਡ ਵੱਲੋਂ ਵੀ ਪਹਿਲਾਂ ਰਾਮਪੁਰਾ ਫੂਲ ਲਈ ਖਾਦ ਦੀ ਟਰੇਨ ਲੋਡ ਕੀਤੀ ਜਾਂਦੀ ਹੈ ਅਤੇ ਬਾਅਦ ਵਿਚ ਬਠਿੰਡਾ ਸਟੇਸ਼ਨ ਪੁੱਜਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਐੱਨ.ਐੱਫ.ਐੱਲ ਬਠਿੰਡਾ ਅੰਦਰ ਸੁਸਾਇਟੀਆਂ ਨੂੰ ਸਿੱਧੀ ਸਪਲਾਈ ਵੀ ਕਰ ਸਕਦਾ ਹੈ। ਜਦੋਂ ਸੱਚ ਜਾਨਣ ਲਈ ਰਾਮਪੁਰਾ ਖੇਤਰ ਨਾਲ ਸਬੰਧਤ ਇੱਕ ਸਹਿਕਾਰੀ ਸਭਾ ਦੇ ਸਕੱਤਰ ਨਾਲ ਸੰਪਰਕ ਸਾਧਿਆਂ ਤਾਂ ਉਨ੍ਹਾਂ ਕਿਹਾ ਕਿ ਸੱਚ ਹੈ ਕਿ ਰਾਮਪੁਰਾ ਫੂਲ ਵਿਚ ਕਦੇ ਵੀ ਖਾਦ ਦੀ ਕਮੀ ਨਹੀਂ ਹੋਈ।
ਬਠਿੰਡਾ ਅੰਦਰ ਝੋਨੇ ਦੀ ਲੁਆਈ ਜ਼ੋਰਾਂ ’ਤੇ ਹੈ ਅਤੇ ਕੁਝ ਦਿਨਾਂ ਬਾਅਦ ਕਿਸਾਨਾਂ ਨੂੰ ਖਾਦ ਦੀ ਵੱਡੀ ਪੱਧਰ ’ਤੇ ਲੋੜ ਹੈ। ਸ਼ਹਿਰ ਅੰਦਰ ਨਿੱਜੀ ਫਰਮਾਂ ਦੇ ਸਟਾਕ ਫੁੱਲ ਹਨ ਪਰ ਸਹਿਕਾਰੀ ਸਭਾਵਾਂ ਦੇ ਸਟਾਕ ਖਾਲੀ ਹਨ। ਖੇਤੀਬਾੜੀ ਵਿਭਾਗ ਅਨੁਸਾਰ ਇਸ ਵਾਰ ਜ਼ਿਲ੍ਹੇ ਅੰਦਰ 1 ਲੱਖ 52 ਹਜ਼ਾਰ ਹੈਕਟੇਅਰ ਰਕਬੇ ਅਧੀਨ ਝੋਨੇ ਦੀ ਕਾਸ਼ਤ ਕੀਤੀ ਜਾਣੀ ਹੈ। ਇਸ ਸਬੰਧੀ ਸਹਿਕਾਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਬੱਲੋ ਨਾਲ ਗੱਲ ਕੀਤੀ ਤਾਂ ਉਨ੍ਹਾਂ ਬਠਿੰਡਾ ਸਰਕਲ ਅੰਦਰ ਖਾਦ ਦੀ ਕਮੀ ਹੋਣ ਬਾਰੇ ਪੁਸ਼ਟੀ ਕਰਦਿਆਂ ਸਭਾਵਾਂ ਅੰਦਰ ਖਾਦ ਭੇਜਣ ਦੀ ਮੰਗ ਕੀਤੀ।
ਡਿਪਟੀ ਰਜਿਸਟਰਾਰ ਵੱਲੋਂ ਸਮੱਸਿਆ ਹੱਲ ਕਰਨ ਦਾ ਭਰੋਸਾ
ਸਹਿਕਾਰੀ ਸਭਾਵਾਂ ਅੰਦਰ ਯੂਰੀਆ ਖਾਦ ਦੀ ਕਮੀ ਬਾਰੇ ਜਦੋਂ ਡਿਪਟੀ ਰਜਿਸਟਰਾਰ ਗੁਰਵੀਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਠਿੰਡਾ ਸਰਕਲ ਦੀਆਂ ਸੁਸਾਇਟੀਆਂ ਅੰਦਰ ਖਾਦ ਦਾ ਸਟਾਕ ਇਫਕੋ ਅਤੇ ਕਰਿਭਕੋ ਅਦਾਰਿਆਂ ਰਾਹੀ ਪੂਰਾ ਕਰ ਦਿੱਤਾ ਗਿਆ ਸੀ। ਜੇਕਰ ਹਾਲੇ ਵੀ ਕਿਸਾਨਾਂ ਨੂੰ ਯੂਰੀਆ ਖਾਦ ਦੀ ਦਿੱਕਤ ਹੈ ਤਾਂ ਉਹ ਬਠਿੰਡਾ ਲਈ ਬਾਹਰਲੇ ਜ਼ਿਲ੍ਹਿਆਂ ਰਾਹੀਂ ਖਾਦ ਭੇਜਣਗੇ।