Kumharia Village Water Crisis: ਕੁਮਹਾਰੀਆ ’ਚ 150 ਘਰ ਪੀਣ ਵਾਲੇ ਪਾਣੀ ਤੋਂ ਵਾਂਝੇ
ਸਮੱਸਿਆ ਹੱਲ ਨਾ ਹੋਣ ’ਤੇ ਜਲ ਘਰ ਨੂੰ ਤਾਲਾ ਲਾਉਣ ਦੀ ਚਿਤਾਵਨੀ
ਪਿੰਡ ਕੁਮਹਾਰੀਆ ਵਿੱਚ ਪੀਣ ਵਾਲੇ ਪਾਣੀ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਪਿੰਡ ਵਿੱਚ ਕਰੀਬ 150 ਘਰਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਜਿਸ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅੱਜ ਪਾਣੀ ਦੀ ਘਾਟ ਕਾਰਨ ਲੋਕਾਂ ਨੇ ਪਿੰਡ ਦੇ ਜਲ ਘਰ ਵਿੱਚ ਵਿਰੋਧ ਪ੍ਰਗਟਾਇਆ। ਪਿੰਡ ਵਾਸੀਆਂ ਬਲਬੀਰ ਸਿੰਘ, ਕ੍ਰਿਸ਼ਨ ਕੁਮਾਰ, ਬਲਬੀਰ ਨੰਬਰਦਾਰ, ਸਾਵਰ ਕੁਮਾਰ, ਅੰਕਿਤ ਕੁਮਾਰ, ਰਾਮਚੰਦਰ, ਸੁਰੇਸ਼ ਕੁਮਾਰ, ਅਰਜੁਨ ਰਾਮ, ਵਿਕਰਮ ਸਿੰਘ, ਮਹਿੰਦਰ, ਹਨੂੰਮਾਨ, ਮਨੀਰਾਮ, ਧਰਮਪਾਲ ਆਦਿ ਨੇ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਪਿੰਡ ਵਿੱਚ ਲੋਂੜੀਦੀ ਮਾਤਰਾ ਵਿੱਚ ਪਾਣੀ ਨਹੀਂ ਦਿੱਤਾ ਜਾ ਰਿਹਾ। ਲੋਕ ਇਸ ਸਮੱਸਿਆ ਬਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸੂਚਿਤ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਸਥਾਈ ਹੱਲ ਨਹੀਂ ਨਿਕਲਿਆ। ਲੋਕਾਂ ਨੇ ਰੋਸ ਪ੍ਰਗਟਾਉਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਪਾਣੀ ਦੀ ਸਪਲਾਈ ਜਲਦੀ ਬਹਾਲ ਨਾ ਕੀਤੀ ਗਈ ਤਾਂ ਉਹ ਸੋਮਵਾਰ ਨੂੰ ਜਲ ਘਰ ਨੂੰ ਤਾਲਾ ਲਾ ਦੇਣਗੇ ਅਤੇ ਧਰਨਾ ਦੇਣਗੇ। ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਜਲ ਘਰ ਵਿੱਚ ਤਿੰਨ ਪਾਣੀ ਦੀਆਂ ਡਿੱਗੀਆਂ ਹੋਣ ਦੇ ਬਾਵਜੂਦ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ। ਲੋਕ 500 ਰੁਪਏ ਦੇ ਕੇ ਪਾਣੀ ਦੇ ਟੈਂਕਰ ਮੰਗਵਾਉਣ ਲਈ ਮਜਬੂਰ ਹਨ। ਲੋਕਾਂ ਨੇ ਕਿਹਾ ਕਿ ਇੱਥੇ ਕਈ ਅਜਿਹੇ ਘਰ ਵੀ ਹਨ ਜੋ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਹ 400 ਤੋਂ 500 ਰੁਪਏ ਕਮਾਉਂਦੇ ਹਨ ਅਤੇ ਉਨ੍ਹਾਂ ਪੈਸਿਆਂ ਦਾ ਹੀ ਪਾਣੀ ਮੰਗਵਾਉਣਾ ਪੈਂਦਾ ਹੈ। ਲੋਕਾਂ ਨੇ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ।
ਜਲਦੀ ਹੀ ਸਮੱਸਿਆ ਹੱਲ ਕਰਾਂਗੇ: ਜੇ ਈ
ਜਨ ਸਿਹਤ ਵਿਭਾਗ ਦੇ ਜੇ ਈ ਹੇਮੰਤ ਕੁਮਾਰ ਨੇ ਕਿਹਾ ਕਿ ਉਹ ਪਿੰਡ ਦੀਆਂ ਉਨ੍ਹਾਂ ਥਾਵਾਂ ਦੀ ਪਛਾਣ ਕਰਨਗੇ ਜਿੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਅਤੇ ਜਲਦੀ ਹੀ ਇਸ ਨੂੰ ਹੱਲ ਕੀਤਾ ਜਾਵੇਗਾ।
