ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 14 ਸਤੰਬਰ
ਥਾਣਾ ਸਿਟੀ ਦੇ ਗੇਟ ਮੂਹਰੇ ਅੱਜ ਕਰੀਬ ਤਿੰਨ ਦਰਜਨ ਲੋਕਾਂ ਨੇ ਇਕੱਠੇ ਹੋ ਕੇ ਪੰਜਾਬ ਪੁਲੀਸ ਤੇ ਇੱਕ ਪੁਲੀਸ ਅਧਿਕਾਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਇਨ੍ਹਾਂ ਲੋਕਾਂ ਦੀ ਪੁਲੀਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ। ਪ੍ਰਦਰਸ਼ਨ ਕਾਰਨ ਵਾਲਿਆਂ ਵਿੱਚ ਕਬਾੜ ਯੂਨੀਅਨ ਦੇ ਆਗੂ ਪ੍ਰਦੀਪ ਕੁਮਾਰ ਉਰਫ ਦੀਪੂ ਅਤੇ ਹੋਰ ਸ਼ਹਿਰ ਦੇ ਕਬਾੜੀਏ ਸ਼ਾਮਲ ਸਨ। ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀਆਂ ਵਿੱਚ ਬੈਠੀ ਪਿੰਡ ਸੰਧਵਾਂ ਦੀ ਵਸਨੀਕ ਔਰਤ ਸਿਮਰਜੀਤ ਕੌਰ ਨੇ ਸਿਟੀ ਪੁਲੀਸ ਦੇ ਅਧਿਕਾਰੀਆਂ ਵੱਲੋਂ ਉਸਦੇ ਨਾਬਾਲਗ ਲੜਕੇ ਨੂੰ ਕਥਿਤ ਚੋਰੀ ਕਰਨ ਦੇ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।
ਧਰਨਾਕਾਰੀ ਸਿਮਰਜੀਤ ਕੌਰ ਨੇ ਦੱਸਿਆ ਕਿ ਉਸਦਾ ਵੱਡਾ ਲੜਕਾ ਪਿੰਡ ਸੰਧਵਾਂ ਵਿੱਚ ਏਸੀ ਰਿਪੇਅਰ ਕਰਨ ਦਾ ਮੰਗ ਕਰਦਾ ਹੈ। ਕੁੱਝ ਸਮਾਂ ਪਹਿਲਾਂ ਹੋਈ ਇੱਕ ਚੋਰੀ ਦੇ ਮਾਮਲੇ ਵਿੱਚ ਸਿਟੀ ਪੁਲੀਸ ਅੱਜ ਉਸਦੇ ਲੜਕੇ ਤੇ ਉਸ ਦੇ ਨਾਬਾਲਗ ਲੜਕੇ ਨੂੰ ਘਰੋਂ ਚੁੱਕ ਲਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਜਦ ਉਹ ਆਪਣੇ ਲੜਕਿਆਂ ਦੀ ਬੇਗੁਨਾਹੀ ਸਾਬਤ ਕਰਨ ਥਾਣਾ ਸਿਟੀ ’ਚ ਪਹੁੰਚੇ ਤਾਂ ਇੱਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਨੂੰ ਬੇਇੱਜ਼ਤ ਕਰ ਕੇ ਦਫ਼ਤਰੋਂ ਕੱਢ ਦਿੱਤਾ। ਰੋਸ ਵਧਦਾ ਵੇਖ ਟਰੈਫਿਕ ਪੁਲੀਸ ਅਧਿਕਾਰੀ ਜਗਰੂਪ ਸਿੰਘ ਅਤੇ ਰਜਿੰਦਰ ਸ਼ਰਮਾ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਮਗਰੋਂ ਥਾਣਾ ਮੁਖੀ ਨੇ ਧਰਨਾਕਾਰੀਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ। ਗੱਲਬਾਤ ਮਗਰੋਂ ਲੋਕਾਂ ਦਾ ਗੁੱਸਾ ਸ਼ਾਂਤ ਹੋਇਆ।
ਦੂਜੇ ਪਾਸੇ ਥਾਣਾ ਮੁਖੀ ਗੁਰਮੇਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਜਣੇ ਚੋਰੀ ਦੇ ਇੱਕ ਕੇਸ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਏ ਗਏ ਹਨ, ਜਨਿ੍ਹਾਂ ਤੋਂ ਉਹ ਤਫ਼ਤੀਸ਼ ਕਰ ਰਹੇ ਹਨ। ਕਿਸੇ ਬੇਗੁਨਾਹ ਨਾਲ ਨਾ-ਇਨਸਾਫ਼ੀ ਨਹੀਂ ਹੋਵੇਗੀ।