Kisan Morcha: ਐੱਸ ਕੇ ਐੱਮ ਵੱਲੋਂ ਵੱਖ-ਵੱਖ ਥਾਈਂ ਮੁਜ਼ਾਹਰੇ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਐਕਸੀਅਨ ਦਫ਼ਤਰਾਂ ਅੱਗੇ ਧਰਨੇ ਦਿੱਤੇ ਗਏ। ਕਿਸਾਨਾਂ ਨੇ ਪੰਜਾਬ ਭਰ ’ਚ ਪਾਣੀ ਅਤੇ ਊਰਜਾ ਸੰਕਟ ਖ਼ਿਲਾਫ਼ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ। ਮਾਨਸਾ ਦੇ ਐਕਸੀਅਨ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ...
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਐਕਸੀਅਨ ਦਫ਼ਤਰਾਂ ਅੱਗੇ ਧਰਨੇ ਦਿੱਤੇ ਗਏ। ਕਿਸਾਨਾਂ ਨੇ ਪੰਜਾਬ ਭਰ ’ਚ ਪਾਣੀ ਅਤੇ ਊਰਜਾ ਸੰਕਟ ਖ਼ਿਲਾਫ਼ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ।
ਮਾਨਸਾ ਦੇ ਐਕਸੀਅਨ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ (ਏਕਤਾ)-ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਇੱਕ ਪਾਸੇ ਕੁਦਰਤ ਦੀ ਬੇਰੁਖ਼ੀ ਕਾਰਨ ਪਾਣੀ ਦੀ ਭਾਰੀ ਘਾਟ ਹੈ ਤੇ ਦੂਜੇ ਪਾਸੇ ਸੂਬਾ ਸਰਕਾਰ ਦੀਆਂ ਨਾਕਾਮ ਨੀਤੀਆਂ ਅਤੇ ਬਿਜਲੀ ਦੇ ਲੰਬੇ ਅਣਐਲਾਨੇ ਕੱਟਾਂ ਨੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ। ਬਿਜਲੀ ਸਪਲਾਈ ਠੱਪ ਹੋਣ ਕਾਰਨ ਝੋਨੇ ਸਣੇ ਹੋਰ ਫ਼ਸਲਾਂ ਬਰਬਾਦੀ ਦੇ ਕੰਢੇ ਹਨ।
ਉਨ੍ਹਾਂ ਆਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਰਥਿਕਤਾ ਦੀ ਚਿੰਤਾ ਕੀਤੇ ਬਿਨਾਂ ਸਰਕਾਰ ਸਿਰਫ਼ ਕਾਗਜ਼ੀ ਇਨਕਲਾਬ ਲਿਆਉਣ ਵਿੱਚ ਮਸਰੂਫ਼ ਹੈ। ਇਸ ਮੌਕੇ ਨਿਰਮਲ ਸਿੰਘ ਝੰਡੂਕੇ, ਲਖਵੀਰ ਸਿੰਘ ਅਕਲੀਆ, ਮਹਿੰਦਰ ਸਿੰਘ ਭੈਣੀਬਾਘਾ, ਲਾਲ ਚੰਦ ਸਰਦੂਲਗੜ੍ਹ, ਭਜਨ ਸਿੰਘ ਘੁੰਮਣ, ਨਰਿੰਦਰ ਕੌਰ ਬੁਰਜ ਹਮੀਰਾ, ਰੂਪ ਸਿੰਘ ਢਿੱਲੋਂ, ਹਰਦੇਵ ਸਿੰਘ ਕੋਟ ਧਰਮੂ, ਰਾਵਲ ਕੋਟੜਾ, ਸ਼ਿਵਚਰਨ ਸੂਚਨ, ਹਰਜਿੰਦਰ ਸਿੰਘ ਮਾਨਸ਼ਾਹੀਆ, ਜੱਗਰ ਸਿੰਘ ਨੇ ਵੀ ਸੰਬੋਧਨ ਕੀਤਾ।
ਬਠਿੰਡਾ (ਸ਼ਗਨ ਕਟਾਰੀਆ): ਸੰਯੁਕਤ ਕਿਸਾਨ ਮੋਰਚਾ ਨੇ ਬਿਜਲੀ ਕੱਟਾਂ ਖ਼ਿਲਾਫ਼ ਬਠਿੰਡਾ ਵਿੱਚ ਥਰਮਲ ਪਲਾਂਟ ਦੇ ਗੇਟ ਅੱਗੇ ਐੱਸ ਈ ਦਫ਼ਤਰ ਸਾਹਮਣੇ ਧਰਨਾ ਦਿੱਤਾ। ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਬੀ ਕੇ ਯੂ ਡਕੌਂਦਾ (ਬੁਰਜ ਗਿੱਲ) ਦੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ, ਬੀ ਕੇ ਯੂ ਸਿੱਧੂਪੁਰ ਦੇ ਸੂਬਾ ਆਗੂ ਬੇਅੰਤ ਸਿੰਘ ਮਹਿਮਾ ਸਰਜਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਬੀ ਕੇ ਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਬੀ ਕੇ ਯੂ ਹੀਰਕੇ ਦੇ ਸੂਬਾ ਸਕੱਤਰ ਗੁਰਤੇਜ ਸਿੰਘ ਬੱਲੋ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਮਲਕੀਤ ਸਿੰਘ ਬਠਿੰਡਾ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਆਕਲੀਆ, ਬੀ ਕੇ ਯੂ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ, ਬੀ ਕੇ ਯੂ ਧਨੇਰ ਦੇ ਜ਼ਿਲ੍ਹਾ ਆਗੂ ਅਮਰਜੀਤ ਸਿੰਘ ਹਨੀ, ਕਿਸਾਨ ਆਗੂ ਰੇਸ਼ਮ ਸਿੰਘ ਜੀਦਾ, ਬਲਤੇਜ ਸਿੰਘ ਪੂਹਲੀ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਨਾਕਾਮੀ ਦਾ ਭਾਂਡਾ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਹਟਾ ਕੇ ਉਸ ਦੇ ਸਿਰ ਭੰਨ੍ਹਣ ਦੀ ਕੋਸ਼ਿਸ਼ ਕੀਤੀ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਖੇਤੀ ਮੋਟਰਾਂ ਨੂੰ ਪੂਰੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਇੱਥੇ ਪਾਵਰਕੌਮ ਦਫ਼ਤਰ ਦੇ ਐੱਸ ਈ ਦੇ ਦਫ਼ਤਰ ਅੱਗੇ ਅੱਜ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਰੀਬ ਦੋ ਹਫ਼ਤਿਆਂ ਤੋਂ ਬਿਜਲੀ ਸਪਲਾਈ ਦੀ ਸਮੱਸਿਆ ਆ ਰਹੀ ਹੈ। ਕਾਕਾ ਸਿੰਘ ਕੋਟੜਾ, ਇੰਦਰਜੀਤ ਸਿੰਘ ਘਣੀਆਂ ਅਤੇ ਰੇਸ਼ਮ ਸਿੰਘ ਯਾਤਰੀ ਨੇ ਚਿਤਾਵਨੀ ਦਿੱਤੀ ਕਿ ਮਸਲੇ ਜਲਦ ਹੱਲ ਨਾ ਹੋਏ, ਤਾਂ ਜਥੇਬੰਦੀ ਵੱਲੋਂ ਵੱਡੇ ਸੰਘਰਸ਼ ਉਲੀਕੇ ਜਾਣਗੇ।
ਬਰਨਾਲਾ (ਪਰਸ਼ੋਤਮ ਬੱਲੀ): ਐੱਸ ਕੇ ਐੱਮ ਪੰਜਾਬ ਦੇ ਸੱਦੇ ’ਤੇ ਮੋਰਚਾ ਇਕਾਈ ਬਰਨਾਲਾ ਵੱਲੋਂ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਪਾਵਰਕੌਮ ਨਿਗਰਾਨ ਇੰਜਨੀਅਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਦਿਨ ਸਮੇਂ 8 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਖੇਤਾਂ ਨੂੰ ਬਿਜਲੀ ਸਪਲਾਈ ਮਹਿਜ਼ 2-2, 3-3 ਘੰਟੇ ਹੀ ਆ ਰਹੀ ਹੈ ਤੇ ਘਰੇਲੂ ਸਪਲਾਈ ‘ਚ ਲੰਮੇ ਕੱਟ ਲੱਗ ਰਹੇ ਹਨ। ਬੁਲਾਰਿਆਂ ਫੌਰੀ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ ਅਤੇ ਚਿਤਾਵਨੀ ਵੀ ਦਿੱਤੀ ਕਿ ਜੇ ਜਲਦੀ ਸੁਧਾਰ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਰਾਜਿੰਦਰ ਸਿੰਘ ਦਰਾਕਾ, ਜਗਸੀਰ ਸਿੰਘ ਛੀਨੀਵਾਲ, ਦਰਸ਼ਨ ਸਿੰਘ ਉਗੋਕੇ, ਗੁਰਮੇਲ ਜਵੰਧਾ ਤੇ ਜੱਗਾ ਬਦਰਾ ਆਦਿ ਆਗੂ ਹਾਜ਼ਰ ਸਨ।
ਫਿਰੋਜ਼ਪੁਰ (ਜਸਪਾਲ ਸਿੰਘ ਸੰਧੂ): ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਬੀ ਕੇ ਯੂ ਪੰਜਾਬ, ਬੀ ਕੇ ਯੂ ਸਿੱਧੂਪੁਰ, ਬੀ ਕੇ ਯੂ ਰਾਜੇਵਾਲ, ਬੀ ਕੇ ਯੂ ਕਾਦੀਆਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ, ਕੁੱਲਹਿੰਦ ਕਿਸਾਨ ਸਭਾ, ਬੀ ਕੇ ਯੂ ਡਕੌਂਦਾ (ਧਨੇਰ) ਵੱਲੋਂ ਕਿਸਾਨਾਂ ਦੀਆਂ ਬਿਜਲੀ ਨਾਲ ਸਬੰਧਤ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਪਾਵਰਕੌਮ ਦੇ ਐੱਸ ਈ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਕਿਸਾਨਾਂ ਨੇ ਕਿਹਾ ਕਿ ਹੁਣ ਫ਼ਸਲ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ ਅਤੇ ਕਿਸਾਨ ਮਹਿੰਗੇ ਭਾਅ ਦੇ ਡੀਜ਼ਲ ਦੀ ਵਰਤੋਂ ਨਹੀਂ ਕਰ ਸਕਦੇ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਕਿਸਾਨਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਗੁਰਮੀਤ ਸਿੰਘ ਮਹਿਮਾ, ਹਰਦੀਪ ਸਿੰਘ ਕਰਮੂਵਾਲਾ, ਗੁਰਮੇਲ ਸਿੰਘ, ਗੁਰਮੀਤ ਸਿੰਘ ਘੋੜੇਚੱਕ, ਮਨਮੋਹਨ ਸਿੰਘ ਕੌੜਾ, ਗੁਰਮੀਤ ਸਿੰਘ ਪੋਜੋਕੇ, ਗੁਰਦਿੱਤ ਸਿੰਘ ਸਿੱਧੂ, ਗੁਲਜ਼ਾਰ ਸਿੰਘ ਕੱਬਰਵੱਛਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਅਕਾਲੀ ਦਲ ਨੇ ਸਰਕਾਰ ਖ਼ਿਲਾਫ਼ ਧਰਨਾ ਲਾਇਆ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਅਕਾਲੀ ਦਲ ਵੱਲੋਂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਬਠਿੰਡਾ-ਕੋਟਕਪੂਰਾ ਰੋਡ ਬਾਈਪਾਸ ਉੱਪਰ ਬਿਜਲੀ ਦੇ ਨਾਕਸ ਪ੍ਰਬੰਧਾਂ ਅਤੇ ਨਸ਼ਾ ਤਸਕਰੀ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਦੌਰਾਨ ਆਗੂਆਂ ਨੇ ਵੱਖ-ਵੱਖ ਮੁੱਦੇ ਚੁੱਕੇ। ਸ੍ਰੀ ਬਰਕੰਦੀ ਨੇ ਕਿਹਾ ਕਿ ਬਿਜਲੀ, ਲੋਕਾਂ ਦੀ ਸੁਰੱਖਿਆ, ਇਨਸਾਫ਼ ਅਤੇ ਹੋਰ ਜਨਤਕ ਮੁੱਦਿਆਂ ਬਾਰੇ ਸਰਕਾਰ ਨੂੰ ਜਵਾਬਦੇਹ ਬਣਾਉਣਾ ਜ਼ਰੂਰੀ ਹੈ। ਅਕਾਲੀ ਦਲ ਨੇ ਕਿਹਾ ਕਿ ਜਦੋਂ ਤੱਕ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਪਾਰਟੀ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਰਹੇਗੀ। ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਲਗਾਤਾਰ ਕੱਟਾਂ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਹੀਰਾ ਸਿੰਘ ਚੜੇਵਾਨ, ਹਰਪਾਲ ਸਿੰਘ ਬੇਦੀ, ਜਗਜੀਤ ਸਿੰਘ ਫੱਤਣਵਾਲਾ, ਹਰਦੀਪ ਸਿੰਘ ਮੜਮੱਲੂ, ਜਗਦੇਵ ਸਿੰਘ ਚੇਅਰਮੈਨ, ਬਿੰਦਰ ਗੋਨਿਆਣਾ, ਅਮਰਜੀਤ ਸਿੰਘ ਖੋਖਰ, ਜਸਵੀਰ ਸਿੰਘ ਜੰਮੂਆਣਾ, ਕੁਲਦੀਪ ਸਿੰਘ ਥਾਂਦੇਵਾਲਾ, ਰੂਪ ਸਿੰਘ ਹਰਾਜ, ਗੁਰਲਾਲ ਸਿੰਘ ਲਾਲਾ ਥਾਂਦੇਵਾਲਾ, ਛਿੰਦਾ ਐੱਮ ਸੀ, ਸੰਜੀਵ ਕੁਮਾਰ ਦਾਬੜਾ ਟਿੰਕੂ, ਪਵਨ ਸ਼ਰਮਾ ਵੀ ਹਾਜ਼ਰ ਸਨ।

