
ਬਠਿੰਡਾ ਵਿੱਚ ਮੰਗਲਵਾਰ ਨੂੰ ਕਿਸਾਨ ’ਚੋਂ ਬੀਜ ਖਰੀਦ ਕੇ ਲਿਜਾਂਦੇ ਹੋਏ ਕਿਸਾਨ। -ਫੋਟੋ: ਪਵਨ ਸ਼ਰਮਾ
ਮਨੋਜ ਸ਼ਰਮਾ
ਬਠਿੰਡਾ, 21 ਮਾਰਚ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਵਿੱਚ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨ ਮੇਲਾ ਲਾਇਆ ਗਿਆ| ਇਸ ਕਿਸਾਨ ਮੇਲੇ ਵਿਚ ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨ ਨੇ ਵੀ ਸ਼ਿਰਕਤ ਕੀਤੀ ਝੋਨੇ ਅਤੇ ਸੁਧਰੇ ਹੋਏ ਬੀਜਾਂ ਨੂੰ ਖ਼ਰੀਦਣ ਵਿੱਚ ਰੁਚੀ ਦਿਖ਼ਾਈ ਪਰ ਐਤਕੀ ਪੰਜਾਬ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪਿਛਲੇ ਸਾਲ ਨਾਲੋਂ ਕਿਸਾਨਾਂ ਦੀ ਗਿਣਤੀ ਘੱਟ ਰਹੀ। ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਰਨਜੀਤ ਕੌਰ ਗਿੱਲ, ਮੈਂਬਰ, ਪ੍ਰਬੰਧਕੀ ਬੋਰਡ, ਪੀਏਯੂ ਨੇ ਕਿਹਾ ਕਿ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਲਈ ਸਾਨੂੰ ਖੇਤੀ ਵਿਭਿੰਨਤਾ ਅਪਣਾਉਣ ਦੀ ਲੋੜ ਹੈ| ਨਰਮੇ ਉੱਤੇ ਪੀਏਯੂ ਵਿਗਿਆਨੀਆਂ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਖੋਜ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਰਮਾ ਪੱਟੀ ਬਠਿੰਡੇ ਦਾ ਇਹ ਖੇਤਰੀ ਖੋਜ ਕੇਂਦਰ ਨਰਮਾ ਖੋਜ ਵਿਚ ਆਪਣੀ ਵਿਲੱਖਣ ਪਛਾਣ ਕਾਇਮ ਕਰ ਚੁੱਕਾ ਹੈ| ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਦੇ ਮੁੱਖ ਮਹਿਮਾਨ ਕਿਰਨਜੀਤ ਕੌਰ ਗਿੱਲ ਅਤੇ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ| ਡਾ. ਗੋਸਲ ਨੇ ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਚੁਣੌਤੀਆਂ ਦੇ ਬਾਵਜੂਦ ਨਰਮਾ ਉਤਪਾਦਨ ਵਿੱਚ ਪੰਜਾਬ ਨੇ ਪਿਛਲੇ ਲਗਾਤਾਰ ਤਿੰਨ ਸਾਲਾਂ ਦੌਰਾਨ ਬਾਕਮਾਲ ਉਤਪਾਦਨ ਕੀਤਾ| ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ 33 ਫ਼ੀਸਦੀ ਸਬਸਿਡੀ ਉਨ੍ਹਾਂ ਸਾਰੇ ਨਰਮਾ ਉਤਪਾਦਕਾਂ ਨੂੰ ਦਿੱਤੀ ਜਾਵੇਗੀ, ਜੋ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਹਾਈਬ੍ਰਿਡ ਨਰਮੇ ਦੇ ਬੀਜ ਵਰਤਣਗੇ| ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ ਕੀਤੀਆਂ ਜਾ ਚੁੱਕੀਆਂ ਹਨ| ਇਸ ਮੌਕੇ ਖੇਤੀ ਕਾਰਜਾਂ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨ ਸ੍ਰੀ ਰਮਨ ਸਲਾਰੀਆ ਪਿੰਡ ਜੁੰਗਲ, ਜ਼ਿਲ੍ਹਾ ਪਠਾਨਕੋਟ ਅਤੇ ਜਰਮਨਜੀਤ ਸਿੰਘ ਪਿੰਡ ਨੂਰਪੁਰ, ਜ਼ਿਲ੍ਹਾ ਤਰਨ ਤਾਰਨ ਨੂੰ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਸ਼ੁਰੂ ਕੀਤਾ ਗਿਆ “ਜਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ” ਪ੍ਰਦਾਨ ਕੀਤਾ ਗਿਆ।
ਕਿਸਾਨ ਮੇਲੇ ਵਿਚ 18 ਲੱਖ ਰੁਪਏ ਦੇ ਬੀਜ ਵਿਕੇ
ਇਸ ਮੇਲੇ ਵਿੱਚ ਤਕਰੀਬਨ 17.75 ਲੱਖ ਦੇ ਬੀਜ ਵੇਚ ਕੇ ਯੂਨੀਵਰਸਿਟੀ ਨੇ ਵੱਟਤ ਕੀਤੀ। ਇਸ ਮੇਲੇ ਵਿਚ ਸਭ ਤੋਂ ਵੱਧ ਪੀ. ਆਰ 126 ਝੋਨੇ ਦੀ ਕਿਸਮ ਨੂੰ ਕਿਸਾਨਾਂ ਨੇ ਖ਼ਰੀਦਣ ਵਿਚ ਰੁਚੀ ਦਿਖਾਈ। ਇਸ ਬੀਜ ਦੀ ਵਿੱਕਰੀ ਤੋਂ ਯੂਨੀਵਰਸਿਟੀ ਨੇ 9 ਲੱਖ 50 ਹਜ਼ਾਰ ਰੁਪਏ ਕਮਾਈ ਕੀਤੀ। ਇਸ ਤੋਂ ਇਲਾਵਾ ਪੀ. ਆਰ 131, 130, ਬਾਸਮਤੀ 60 ਖ਼ਰੀਦ ਵਿਚ ਦੂਜੇ ਨੰਬਰ ਤੇ ਰਹੇ। ਕਿਸਾਨਾਂ ਨੇ ਝੋਨਾ ਤੋਂ ਇਲਾਵਾ ਬਾਜਰਾ, ਅਰਹਰ, ਮਾਂਹ, ਹਲਦੀ, ਚਾਰੇ ਦੀਆਂ ਕਿੱਟਾਂ, ਫਲਾਂ ਅਤੇ ਸਬਜ਼ੀਆਂ ਦੀ ਪਨੀਰੀ ਦੀ ਖ਼ਰੀਦ ਕੀਤੀ ਗਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ