ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਕਤੂਬਰ
ਉੱਘੇ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਚੱਲ ਰਹੇ ਸਰਬੱਤ ਦਾ ਭਲਾ ਟਰੱਸਟ ਸਥਾਨਕ ਸ਼ਾਖਾ ਵੱਲੋਂ ਅੰਦੋਲਨ ’ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਦੇ ਚੈੱਕ ਵੰਡੇ ਗਏ।
ਮੁੱਖ ਮਹਿਮਾਨ ਡਾ. ਸੁਰਜੀਤ ਸਿੰਘ ਦੌਧਰ, ਰੂਰਲ ਐਨਜੀਓ ਚੇਅਰਮੈਨ ਮਹਿੰਦਰਪਾਲ ਲੂੰਬਾ, ਟਰੱਸਟ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਕਾਰਜਕਾਰੀ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਲਗਾਤਾਰ ਮੈਡੀਕਲ ਕੈਂਪ ਚਲਾਇਆ ਜਾ ਰਿਹਾ ਹੈ, ਉਥੇ ਹੁਣ ਤੱਕ ਪੰਜਾਬ ਦੇ 250 ਤੋਂ ਵੱਧ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦਸ ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦੇ ਰੂਪ ਵਿੱਚ ਵਿਤੀ ਮੱਦਦ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਤਿੰਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਪੈਨਸ਼ਨਾਂ ਦੇ ਚੈੱਕ ਤਕਸੀਮ ਕੀਤੇ ਗਏ ਹਨ। ਮੋਗਾ ਜ਼ਿਲ੍ਹੇ ਦੇ ਹੁਣ ਤੱਕ ਅੱਠ ਕਿਸਾਨਾਂ ਦੇ ਪਰਿਵਾਰਾਂ ਨੂੰ ਪੈਨਸ਼ਨ ਸ਼ੁਰੂ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਮੇਵਾ ਸਿੰਘ ਪਿੰਡ ਖੋਟੇ, ਮੱਖਣ ਖਾਂ ਡਿੰਡਰ ਕਲਾਂ, ਦਰਸ਼ਨ ਸਿੰਘ ਪਿੰਡ ਰੌਲੀ, ਸੁਖਮੰਦਰ ਸਿੰਘ ਪਿੰਡ ਧੂੜਕੋਟ ਰਣਸੀਂਹ, ਜੀਤ ਸਿੰਘ ਪਿੰਡ ਨੱਥੂਵਾਲਾ ਗਰਬੀ, ਬਲਵੀਰ ਸਿੰਘ ਪਿੰਡ ਝੰਡੇਵਾਲਾ, ਨਿਰਭੈ ਸਿੰਘ ਪਿੰਡ ਘੋਲੀਆ ਖੁਰਦ ਅਤੇ ਜਗਦੀਪ ਸਿੰਘ ਹਿੰਮਤਪੁਰਾ ਸ਼ਾਮਲ ਹਨ।