ਪਰਮਜੀਤ ਸਿੰਘ
ਫਾਜ਼ਿਲਕਾ, 10 ਅਪਰੈਲ
ਫਾਜ਼ਿਲਕਾ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇਕ ਵਿਅਕਤੀ ਨੂੰ ਬੀਤੀ 8 ਅਪਰੈਲ ਦੀ ਸ਼ਾਮ ਨੂੰ ਸਥਾਨਕ ਮਲੋਟ ਚੌਕ ਤੋਂ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਰਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਢਾਬ ਖੁਸ਼ਹਾਲ ਜੋਈਆ ਨੇ ਦੱਸਿਆ ਕਿ ਉਸ ਦੀ ਭੈਣ ਮੁਸਕਾਨ ਫਾਜ਼ਿਲਕਾ ਵਿੱਚ ਰਜਿੰਦਰ ਕੁਮਾਰ ਨਾਲ ਵਿਆਹੀ ਹੋਈ ਹੈ। ਉਸ ਨੂੰ ਰਿਸ਼ਤੇਦਾਰੀ ਵਿੱਚ ਲੱਗਦੇ ਮਾਮੇ ਨੇ ਫੋਨ ‘ਤੇ ਦੱਸਿਆ ਕਿ ਉਸ ਦੇ ਜੀਜੇ ਰਾਜਿੰਦਰ ਕੁਮਾਰ ਨੂੰ ਸ਼ਰਾਬ ਦੇ ਠੇਕੇਦਾਰਾਂ ਦੇ ਕੁੱਝ ਕਰਿੰਦਿਆਂ ਵੱਲੋਂ ਅਗਵਾ ਕਰ ਲਿਆ ਗਿਆ ਹੈ। ਇਸ ਸਾਰੀ ਘਟਨਾ ਦੀ ਜਾਣਕਾਰੀ ਸਾਥੀ ਨਰਿੰਦਰ ਢਾਬਾਂ ਜੋ ਕਿ ਸੀਪੀਆਈ ਪਾਰਟੀ ਦਾ ਕਾਰਕੁਨ ਹੈ, ਨੇ ਆਪਣੀ ਪਾਰਟੀ ਦੇ ਧਿਆਨ ਵਿੱਚ ਲਿਆਂਦੀ। ਇਸ ਮਗਰੋਂ ਸੀਪੀਆਈ ਨੇ ਥਾਣਾ ਸਿਟੀ ਫਾਜ਼ਿਲਕਾ ਦੇ ਸਾਹਮਣੇ ਧਰਨਾ ਲਾ ਦਿੱਤਾ। ਸਥਿਤੀ ਨੂੰ ਵਿਗੜਦੇ ਹੋਏ ਦੇਖਦਿਆਂ ਜ਼ਿਲ੍ਹਾ ਪੁਲੀਸ ਮੁਖੀ ਦੇ ਦਖ਼ਲ ਦੇਣ ’ਤੇ ਐੱਸਪੀ ਹੈੱਡਕੁਆਰਟਰ ਮਨਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਅਗਵਾ ਕੀਤੇ ਰਜਿੰਦਰ ਕੁਮਾਰ ਨੂੰ ਤੁਰੰਤ ਬਰਾਮਦ ਕਰਵਾਉਣ ਅਤੇ ਅਗਵਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਗਏ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਨੇ ਕਿਹਾ ਕਿ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਉਣ ਅਤੇ ਦੋ ਮੁਲਜ਼ਮਾਂ ਖਿਲਾਫ ਅਗਵਾ ਕਰਨ ਦਾ ਕੇਸ ਦਰਜ ਕਰਨ ’ਤੇ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਨਰਿੰਦਰ ਢਾਬਾਂ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਟੀ ਫਾਜ਼ਿਲਕਾ ਵਿੱਚ ਸ਼ਰਾਬ ਦੇ ਠੇਕੇਦਾਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਠੇਕੇਦਾਰਾਂ ਨੇ ਹੈੱਡਕੁਆਰਟਰ ’ਤੇ ਬੰਦੀ ਬਣਾ ਕੇ ਰੱਖਿਆ
ਇਸ ਮੌਕੇ ਅਗਵਾ ਹੋਏ ਰਜਿੰਦਰ ਕੁਮਾਰ ਨੇ ਪੁਲੀਸ ਨੇ ਦੱਸਿਆ ਕਿ ਉਸ ਨੂੰ ਡੀਐੱਸਪੀ ਦਫ਼ਤਰ ਚੌਕ ਕੋਲ ਠੇਕੇਦਾਰ ਅਤੇ ਉਨ੍ਹਾਂ ਦੇ ਕਰਿੰਦੇ ਗੱਡੀ ਵਿੱਚੋਂ ਧੱਕਾ ਮਾਰ ਕੇ ਸੁੱਟ ਕੇ ਚਲੇ ਗਏ ਅਤੇ ਉੱਥੋਂ ਫ਼ਰਾਰ ਹੋ ਗਏ ਅਤੇ ਉਹ ਸਿੱਧਾ ਸਿਟੀ ਥਾਣੇ ਚਲ ਕੇ ਆ ਗਿਆ। ਉਸ ਨੇ ਦੱਸਿਆ ਕਿ ਮੈਨੂੰ ਮਲੋਟ ਚੌਕ ਤੋਂ ਚੁੱਕ ਕੇ ਉਨ੍ਹਾਂ ਨੇ ਮੇਰੀਆਂ ਅੱਖਾਂ ਬੰਨ੍ਹ ਦਿੱਤੀਆਂ ਅਤੇ ਅਰਨੀਵਾਲਾ ਆਪਣੇ ਸ਼ਰਾਬ ਦੇ ਠੇਕੇਦਾਰਾਂ ਨੇ ਆਪਣੇ ਹੈੱਡਕੁਆਰਟਰ ਵਿਚ ਬੰਦੀ ਬਣਾ ਕੇ ਰੱਖਿਆ। ਪੁਲੀਸ ਨੇ ਰਜਿੰਦਰ ਕੁਮਾਰ ਦੇ ਵੀ ਬਿਆਨ ਦਰਜ ਕਰ ਲਏ ਹਨ।
ਸ਼ਰਾਬ ਤਿਆਰ ਕਰਨ ਵਾਲੀਆਂ ਭੱਠੀਆਂ ਤੇ ਹੋਰ ਸਾਮਾਨ ਬਰਾਮਦ
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਹਲਕੇ ਅੰਦਰ ਨਸ਼ੇ ਦਾ ਗੜ੍ਹ ਮੰਨੇ ਜਾਂਦੇ ਪਿੰਡ ਚੱਕ ਬਲੋਚਾਂ ਉਰਫ ਮਹਾਲਮ ’ਚ ਅੱਜ ਤੜਕਸਾਰ ਪੁਲੀਸ ਤੇ ਐਕਸਾਈਜ਼ ਵਿਭਾਗ ਵਲੋਂ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ’ਚ ਲਾਹਨ ਨਸ਼ਟ ਕੀਤੀ ਗਈ ਅਤੇ ਨਾਲ ਨਾਜਾਇਜ਼ ਸ਼ਰਾਬ ਤੇ ਸ਼ਰਾਬ ਤਿਆਰ ਕਰਨ ਲਈ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਐੱਸਐੱਚਓ ਵਜੀਰ ਚੰਦ ਥਾਣਾ ਵੈਰੋਕਾ ਨੇ ਦੱਸਿਆ ਕਿ ਇਸ ਕਾਰਵਾਈ 5 ਹਜ਼ਾਰ ਲੀਟਰ ਲਾਹਣ ਜਿਸ ਨੂੰ ਪਿੰਡ ਦੀਆਂ ਵੱਖ-ਵੱਖ ਥਾਵਾਂ ਤੋਂ ਬਰਾਮਦ ਕਰ ਕੇ ਨਸ਼ਟ ਕੀਤਾ ਅਤੇ 80 ਬੋਤਲਾਂ ਤੋਂ ਵਧੇਰੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਸ਼ਰਾਬ ਨੂੰ ਤਿਆਰ ਕਰਨ ਲਈ ਭੱਠੀਆਂ ਦੇ ਸਾਮਾਨ ’ਚ ਸ਼ਾਮਲ ਵੱਡੇ ਡਰੰਮ ਅਤੇ ਹੋਰ ਵੀ ਸਾਮਾਨ ਪੁਲੀਸ ਵੱਲੋਂ ਆਪਣੇ ਕਬਜ਼ੇ ’ਚ ਲੈ ਕੇ ਸ਼ਰਾਬ ਤਸਕਰੀ ਕਰਨ ਵਾਲੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।