ਖੁੱਡੀਆਂ ਵੱਲੋਂ ਜਗਰੂਪ ਬਰਾੜ ਨਾਲ ਖੇਤੀਬਾੜੀ ’ਤੇ ਚਰਚਾ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਨੂੰ ਉਤਸ਼ਾਹਤ ਕਰਨ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਸਹਾਇਕ ਧੰਦਿਆਂ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਤਜਰਬੇ ਅਤੇ ਆਧੁਨਿਕ ਤਕਨੀਕ ਦੀ ਅਹਿਮ ਭੂਮਿਕਾ ਹੈ। ਇਹ ਗੱਲ ਉਨ੍ਹਾਂ ਇਥੇ...
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਨੂੰ ਉਤਸ਼ਾਹਤ ਕਰਨ, ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਸਹਾਇਕ ਧੰਦਿਆਂ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਤਜਰਬੇ ਅਤੇ ਆਧੁਨਿਕ ਤਕਨੀਕ ਦੀ ਅਹਿਮ ਭੂਮਿਕਾ ਹੈ। ਇਹ ਗੱਲ ਉਨ੍ਹਾਂ ਇਥੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਕੈਬਨਿਟ ਮੰਤਰੀ ਜਗਰੂਪ ਸਿੰਘ ਬਰਾੜ ਨਾਲ ਹੋਈ ਚਰਚਾ ਮਗਰੋਂ ਕਹੀ। ਮੀਟਿੰਗ ਦੌਰਾਨ ਦੋਵਾਂ ਨੇ ਪੰਜਾਬ ਅਤੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚਕਾਰ ਖੇਤੀਬਾੜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਇਸ ਦੌਰਾਨ ਖੇਤੀਬਾੜੀ ਨੂੰ ਵਪਾਰਕ ਅਤੇ ਨਫ਼ੇ ਯੋਗ ਬਣਾਉਣ, ਕਿਸਾਨੀ ਆਮਦਨ ਵਧਾਉਣ ਲਈ ਨਵੇਂ ਮਾਡਲ ਅਪਣਾਉਣ ਅਤੇ ਵਿਭਿੰਨਤਾ ’ਤੇ ਖ਼ਾਸ ਧਿਆਨ ਕੇਂਦਰਿਤ ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਫਸਲੀ ਵਿਭਿੰਨਤਾ, ਉੱਚ ਮੁੱਲ ਵਾਲੀਆਂ ਫਸਲਾਂ, ਬੀਜ ਤਕਨੀਕ, ਪ੍ਰਿਸੀਜ਼ਨ ਫਾਰਮਿੰਗ ਅਤੇ ਮਕੈਨੀਕਲ ਖੇਤੀ ਵੱਲ ਅੱਗੇ ਵਧਣ ਦੀ ਲੋੜ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਵਰਤੀ ਜਾ ਰਹੀ ਅਧੁਨਿਕ ਖੇਤੀ ਤਕਨੀਕ, ਕੋਲਡ ਚੇਨ ਪ੍ਰਬੰਧਨ ਅਤੇ ਮਾਰਕੀਟ-ਲਿੰਕੇਜ ਮਾਡਲ ਪੰਜਾਬ ਦੇ ਕਿਸਾਨਾਂ ਲਈ ਲਾਭਦਾਇਕ ਸਾਬਤ ਹੋ ਸਕਦੇ ਹਨ। ਸ੍ਰੀ ਬਰਾੜ ਨੇ ਕਿਹਾ ਕਿ ਕੈਨੇਡਾ ਵਿੱਚ ਖੇਤੀਬਾੜੀ, ਡੇਅਰੀ ਅਤੇ ਪਸ਼ੂ ਪਾਲਣ ਖੇਤਰ ਵਿੱਚ ਵਰਤੀ ਜਾ ਰਹੀ ਨਵੀਂ ਤਕਨੀਕ, ਖੋਜ ਅਤੇ ਨਵੀਨਤਾ ਦਾ ਤਜਰਬਾ ਪੰਜਾਬ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਦੋਵਾਂ ਦੇਸ਼ਾਂ ਵਿਚਾਲੇ ਗਿਆਨ ਅਦਾਨ-ਪ੍ਰਦਾਨ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।

