DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

bathinda ਤੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਗ਼ਾਜ਼ ਅੱਜ

ਮੁੱਖ ਮੰਤਰੀ ਕਰਨਗੇ ਉਦਘਾਟਨ; ਬਲਤੇਜ ਪੰਨੂ ਨੇ ਤਿਆਰੀਆਂ ਦਾ ਜਾਇਜ਼ਾ ਲਿਆ

  • fb
  • twitter
  • whatsapp
  • whatsapp
featured-img featured-img
ਬਲਤੇਜ ਪੰਨੂੰ ਸਟੇਡੀਅਮ ’ਚ ਤਿਆਰੀਆਂ ਦਾ ਨਿਰੀਖ਼ਣ ਕਰਦੇ ਹੋਏ।
Advertisement

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਨਿਚਰਵਾਰ 5 ਸਤੰਬਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਦੀ ਸ਼ੁਰੂਆਤ ਕਰਨਗੇ। ਅੱਜ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਬਠਿੰਡਾ ਨੂੰ ਦੂਜੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਉਦਘਾਟਨੀ ਸਮਾਰੋਹ ਦੀ ਮੇਜ਼ਬਾਨੀ ਦਾ ਮੌਕਾ ਮਿਲ ਰਿਹਾ ਹੈ। ਖੇਡਾਂ ਦੇ ਉਦਘਾਟਨੀ ਸਮਾਗਮ ਮੌਕੇ ਗਾਇਕ ਗੁਰਦਾਸ ਮਾਨ ਅਤੇ ਕੁਲਵਿੰਦਰ ਬਿੱਲਾ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਸ੍ਰੀ ਪੰਨੂ ਨੇ ਕਿਹਾ, ‘‘ਇਸ ਸਾਲ ਇਨ੍ਹਾਂ ਖੇਡਾਂ ਵਿੱਚ ਲਗਪਗ 10 ਲੱਖ ਖਿਡਾਰੀ ਹਿੱਸਾ ਲੈਣਗੇ। ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਤੋਂ ਲੁਕੇ ਹੋਏ ਖੇਡ ਹੁਨਰ ਦੀ ਪਛਾਣ ਕਰਨ, ਤਰਾਸ਼ਣ ਅਤੇ ਨਿਖਾਰਨ ਦਾ ਸਭ ਤੋਂ ਉੱਤਮ ਮੰਚ ਹੈ।’’ ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਵਿੱਚ 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਤੱਕ ਦੇ 9 ਉਮਰ ਵਰਗਾਂ ਦੇ ਖਿਡਾਰੀ ਹਿੱਸਾ ਲੈਣਗੇ ਅਤੇ ਕੁੱਲ 38 ਖੇਡ ਮੁਕਾਬਲੇ ਕਰਵਾਏ ਜਾਣਗੇ, ਜਦ ਕਿ ਚਾਰ ਪੈਰਾ ਖੇਡਾਂ ਐਥਲੇਟਿਕਸ, ਪਾਵਰ ਲਿਫ਼ਟਿੰਗ, ਬੈਡਮਿੰਟਨ ਅਤੇ ਵਹੀਲ ਚੇਅਰ ਬਾਸਕਟਬਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Advertisement

ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਰਜਿਸਟਰੇਸ਼ਨ ਪ੍ਰਕਿਰਿਆ ਨੂੰ ਸਰਲ ਅਤੇ ਪੂਰੀ ਤਰ੍ਹਾਂ ਮੁਫ਼ਤ ਰੱਖੀ ਗਈ ਹੈ। ਸ੍ਰੀ ਪੰਨੂ ਨੇ ਦੱਸਿਆ ਕਿ ਇਹ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਹੋਣਗੇ। ਖੇਡਾਂ ਦੀ ਸਮਾਪਤੀ 29 ਨਵੰਬਰ ਨੂੰ ਪਟਿਆਲਾ ਵਿਖੇ ਹੋਵੇਗੀ। ਸੂਬਾ ਪੱਧਰੀ ਤਗਮਾ ਜੇਤੂਆਂ ਲਈ ਦਿਲਖਿਚਵੇਂ ਨਕਦ ਇਨਾਮ ਰੱਖੇ ਗਏ ਹਨ, ਜਿਸ ’ਚ ਸੋਨ ਤਗਮਾ ਜੇਤੂਆਂ ਨੂੰ 10,000 ਰੁਪਏ, ਚਾਂਦੀ ਤਗਮਾ ਜੇਤੂਆਂ ਨੂੰ 7,000 ਰੁਪਏ ਅਤੇ ਕਾਂਸੀ ਤਗਮਾ ਜੇਤੂਆਂ ਨੂੰ 5,000 ਰੁਪਏ ਦਿੱਤੇ ਜਾਣਗੇ।

Advertisement

ਖੇਡਾਂ ਦੀ ਮਸ਼ਾਲ ਦਾ ਢੁੱਡੀਕੇ ਅਤੇ ਮੋਗਾ ’ਚ ਸਵਾਗਤ

ਅਜੀਤਵਾਲ/ਧਰਮਕੋਟ (ਮੋਗਾ) (ਗੁਰਪ੍ਰੀਤ ਸਿੰਘ ਦੌਧਰ/ਹਰਦੀਪ ਸਿੰਘ): ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਅੱਜ ਢੁੱਡੀਕੇ ਵਿੱਚ ਸਵਾਗਤ ਕੀਤਾ ਗਿਆ। ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ ਨੇ ਮਸ਼ਾਲ ਦੀ ਅਗਵਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪ੍ਰਤਿਭਾ ਨੂੰ ਢੁੱਕਵੇਂ ਪਲੈਟਫਾਰਮ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਰਥਕ ਨਤੀਜੇ ਮਿਲ ਰਹੇ ਹਨ। ਮਸ਼ਾਲ 5 ਸਤੰਬਰ ਨੂੰ ਗੋਧੇਵਾਲਾ ਇੰਡੋਰ ਸਟੇਡੀਅਮ, ਮੋਗਾ ਤੋਂ ਪਿੰਡ ਥਰਾਜ ਲਈ ਰਵਾਨਾ ਹੋਵੇਗੀ, ਜਿੱਥੋਂ ਇਸ ਨੂੰ ਅੱਗੇ ਜ਼ਿਲ੍ਹਾ ਬਠਿੰਡਾ ਲਈ ਰਵਾਨਾ ਕੀਤਾ ਜਾਵੇਗਾ। ਇਸੇ ਦੌਰਾਨ ਮਸ਼ਾਲ ਦਾ ਅੱਜ ਮੋਗਾ ਦੇ ਜੋਗਿੰਦਰ ਸਿੰਘ ਚੌਕ ’ਚ ਸਵਾਗਤ ਕੀਤਾ ਗਿਆ। ਮੋਗਾ ਵਿਖੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਅਤੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਮਸ਼ਾਲ ਮਾਰਚ ਦੀ ਅਗਵਾਈ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 9 ਤੋਂ 18 ਸਤੰਬਰ ਤੱਕ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾਣਗੀਆਂ।

ਢੁੱਡੀਕੇ ’ਚ ਮਸ਼ਾਲ ਦਾ ਸਵਾਗਤ ਕਰਦੇ ਹੋਏ ਵਿਧਾਇਕ ਮਨਜੀਤ ਬਿਲਾਸਪੁਰ ਅਤੇ ਹੋਰ।
ਢੁੱਡੀਕੇ ’ਚ ਮਸ਼ਾਲ ਦਾ ਸਵਾਗਤ ਕਰਦੇ ਹੋਏ ਵਿਧਾਇਕ ਮਨਜੀਤ ਬਿਲਾਸਪੁਰ ਅਤੇ ਹੋਰ।
Advertisement
×