ਕੇਜਰੀਵਾਲ ਅਤੇ ਮਾਨ ਨੇ ਪੰਜਾਬ ਨੂੰ ਕੰਗਾਲ ਕੀਤਾ: ਹਰਸਿਮਰਤ
ਸੰਸਦ ਮੈਂਬਰ ਨੇ ਬੁਢਲਾਡਾ ਹਲਕੇ ਦੇ ਪਿੰਡਾਂ ਦੇ ਦੌਰੇ ਮੌਕੇ ‘ਆਪ’ ਸਰਕਾਰ ਨੂੰ ਰਗਡ਼ੇ ਲਾਏ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਮੁੱਖ ਮੰਤਰੀ ਭਗਵੰਤ ਮਾਨ, ਅਧਿਕਾਰੀਆਂ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਨੂੰ ਕਰਜ਼ਈ ਕਰਨ ਦੇ ਟਕੇ-ਟਕੇ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੂਬੇ ਨੂੰ ਆਰਥਿਕ ਤੌਰ ’ਤੇ ਕੰਗਾਲ ਅਤੇ ਕਰਜ਼ਈ ਕਰ ਦਿੱਤਾ ਹੈ, ਜਿਸ ਕਰਕੇ ਅੱਜ ਸੂਬਾ ਵਿਕਾਸ, ਉਦਯੋਗ ਅਤੇ ਸਿੱਖਿਆ ਪੱਖੋਂ ਪੂਰੀ ਤਰ੍ਹਾਂ ਪਛੜ ਗਿਆ ਹੈ। ਉਹ ਅੱਜ ਬੁਢਲਾਡਾ ਹਲਕੇ ਦੇ ਪਿੰਡ ਬਖਸ਼ੀਵਾਲਾ, ਫੱਲੂਵਾਲਾ ਡੋਡ, ਕੁਲਾਣਾ ਅਤੇ ਗੰਢੂ ਕਲਾਂ ਵਿੱਚ ਕੁੱਝ ਘਰਾਂ ਵਿੱਚ ਹੋਈਆਂ ਮੌਤਾਂ ਦੇ ਸਬੰਧ ਵਿੱਚ ਪਰਿਵਾਰਾਂ ਨਾਲ ਅਫ਼ਸੋਸ ਕਰਨ ਲਈ ਪਹੁੰਚੇ ਹੋਏ ਸਨ।
ਉਨ੍ਹਾਂ ਕਿਹਾ ਕਿ ਬੇਸ਼ੱਕ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਇਹ ਵਿਦੇਸ਼ ਵੀ ਭੱਜ ਜਾਣ ਤਾਂ ਉੱਥੋਂ ਵੀ ਫੜ ਕੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਹਰ ਕੋਈ ਪੰਜਾਬ ਦੀ ਸੱਤਾ ਹਥਿਆਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕਈ ਆਗੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਪਰ ਪਾਰਟੀ ਕੋਲ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਹਿੰਮਤ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਤੇ ਇਸ ਦੀ ਸਰਕਾਰ ਕੁਝ ਵੀ ਕਰ ਸਕਦੀ ਹੈ ਅਤੇ ਗਾਣਿਆਂ ਵਿੱਚ ਬਾਦਲਾਂ ਦਾ ਨਾਮ ਕੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਦੇ ਘਰ ਆ ਜਾਵੇ ਤਾਂ ਉਸ ’ਤੇ ਕੇਸ ਦਰਜ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਅਰਵਿੰਦ ਕੇਜਰੀਵਾਲ, ਪੰਜਾਬ ਦੇ ਭਗਵੰਤ ਮਾਨ ਨੇ ਪੰਜਾਬ ’ਤੇ ਡਾਕਾ ਮਾਰਿਆ ਹੈ, ਪਰ ਇਸ ਡਾਕੇ ਦੀ ਸਰਕਾਰ ਆਉਣ ’ਤੇ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਬੇਅਦਬੀਆਂ ਕਰਵਾਉਣ ਵਿੱਚ ‘ਆਪ’ ਦਾ ਹੱਥ ਹੈ, ਜਿਸ ਕਰਕੇ ਇਨ੍ਹਾਂ ਬੇਅਦਬੀ ਕਰਨ ਵਾਲਿਆਂ ਦਾ ਬਚਾਅ ਕੀਤਾ ਅਤੇ ਉਲਟਾ ਇਸ ਲਈ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਨਿਸ਼ਾਨ ਸਿੰਘ, ਬੱਲਮ ਸਿੰਘ ਕਲੀਪੁਰ, ਬਲਵੀਰ ਸਿੰਘ ਬੀਰੋਕੇ, ਅਮਰਜੀਤ ਸਿੰਘ ਕੁਲਾਣਾ, ਦਵਿੰਦਰ ਸਿੰਘ, ਮਹਿੰਦਰ ਸਿੰਘ ਸੈਦੇਵਾਲਾ, ਜਸਪਾਲ ਸਿੰਘ, ਗੁਰਦੀਪ ਸਿੰਘ ਟੋਡਰਪੁਰ, ਸੁਖਵਿੰਦਰ ਕੌਰ ਸੁੱਖੀ ਅਤੇ ਅੰਗਰੇਜ਼ ਕੁਲਰੀਆਂ ਵੀ ਮੌਜੂਦ ਸਨ।
‘ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਮਨ ਬਣਾ ਚੁੱਕੇ ਨੇ’
ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ, ਪੰਜਾਬ ਹਿਤੈਸ਼ੀ ਅਤੇ ਪੰਜਾਬੀਆਂ ਦੇ ਮਸਲਿਆਂ ਅਤੇ ਪੰਜਾਬ ਦੇ ਹਿੱਤਾਂ ਦੀ ਪੈਰਵਾਈ ਕਰਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਪੰਜਾਬ ਦੇ ਲੋਕ ਮਨ ਬਣਾ ਚੁੱਕੇ ਹਨ ਅਤੇ ‘ਆਪ’ ਸਰਕਾਰ ਦੀਆਂ ਧੱਕੇਸ਼ਾਹੀਆਂ ਤੇ ਡਰਾਵੇ ਲੋਕਾਂ ਨੂੰ ਰੋਕ ਨਹੀਂ ਸਕਣਗੇ।

