ਬਠਿੰਡਾ ਤੇ ਮਾਨਸਾ ’ਚ ਕਣੀਆਂ ਨੇ ਬਦਲਿਆ ਮੌਸਮ ਦਾ ਮਿਜ਼ਾਜ
ਜੋਗਿੰਦਰ ਸਿੰਘ ਮਾਨ/ਮਨੋਜ ਸ਼ਰਮਾ
ਮਾਨਸਾ/ਬਠਿੰਡਾ, 13 ਜੂਨ
ਮਾਲਵਾ ਦੇ ਕਈ ਇਲਾਕਿਆਂ ਵਿੱਚ ਅੱਜ ਸ਼ਾਮ ਵੇਲੇ ਹਲਕੀਆਂ ਕਣੀਆਂ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਮਾਮੂਲੀ ਰਾਹਤ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਸੀ ਤੇ ਲੋਕਾਂ ਘਰਾਂ ਤੋਂ ਨਿਕਲਣੇ ਬੰਦ ਹੋ ਗਹੇ ਹਨ। ਮੌਸਮ ਵਿਭਾਗ ਨੇ 13 ਤੋਂ 18 ਜੂਨ ਤੱਕ ਮਾਲਵਾ ਖੇਤਰ ਵਿੱਚ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਅਜਿਹੇ ਵਿੱਚ ਤਾਪਮਾਨ ਘਟਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਮੌਸਮ ਮਹਿਕਮੇ ਅਨੁਸਾਰ ਅਸਮਾਨ ਉਤੇ ਬੱਦਲ ਛਾਏ ਰਹਿਣਗੇ ਅਤੇ ਹਲਕੀਆਂ ਕਣੀਆਂ ਸਮੇਤ ਚੰਗਾ ਮੀਂਹ ਪੈਣ ਦੀ ਆਸ ਹੈ। ਇਸ ਤੋਂ ਇਲਾਵਾਤੇ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਠੰਢਾ ਰਹਿਣ ਦੀ ਆਸ ਹੈ। ਮੌਸਮ ਵਿੱਚ ਆਈ ਨਰਮੀ ਝੋਨੇ ਦੀ ਲੁਆਈ ਲਈ ਬਿਹਤਰ ਮੰਨੀ ਜਾ ਰਹੀ ਹੈ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਮਾਲਵਾ ਖੇਤਰ ਦੇ ਜ਼ਿਲ੍ਹੇ ਮਾਨਸਾ ਸਮੇਤ ਬਠਿੰਡਾ, ਬਰਨਾਲਾ, ਮੋਗਾ, ਸੰਗਰੂਰ, ਮੁਕਤਸਰ, ਫ਼ਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ ਜ਼ਿਲ੍ਹਿਆਂ ਵਿੱਚ 14 ਜੂਨ ਦੀ ਰਾਤ ਨੂੰ ਮੌਸਮ ਬਦਲੇਗਾ, ਜਿਸ ਦੌਰਾਨ ਅਗਲੇ 4 ਦਿਨ ਭਰਵਾਂ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੂਚਨਾ ਮਿਲੀ ਹੈ। ਮੌਸਮ ਮਹਿਕਮੇ ਅਨੁਸਾਰ ਹਵਾ ਦੀ ਗਤੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਜਾਣਕਾਰੀ ਮਿਲੀ ਹੈ। ਅੱਜ ਬਠਿੰਡਾ ਜ਼ਿਲ੍ਹੇ ਦੇ ਕਸਬਾ ਗੋਨਿਆਣਾ ਮੰਡੀ ਸਮੇਤ ਪਿੰਡ ਲੱਖੀ ਜੰਗਲ, ਆਕਲੀਆ ਕਲਾਂ, ਬਲਹਾੜ ਮਹਿਮਾ, ਮਹਿਮਾ ਸਵਾਈ, ਮਹਿਮਾ ਸਰਜਾ, ਮਹਿਮਾ ਸਰਕਾਰੀ, ਗਿੱਲ ਕਲਾਂ, ਬੱਲੋ ਬਦਿਆਲਾ, ਜੈਦ, ਮੰਡੀ ਕਲਾਂ ਆਦਿ ਪਿੰਡਾਂ ਵਿੱਚ ਹਲਕਾ ਮੀਂਹ ਪਿਆ।
ਮੌਸਮ ਵਿਗਿਆਨੀ ਜਤਿੰਦਰ ਕੌਰ ਨੇ ਦੱਸਿਆ ਕਿ ਅਗਲੇ ਦਿਨੀਂ ਪਾਰਾ 35 ਤੋਂ 37 ਡਿਗਰੀ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਦੱਸਿਆ ਕਿ ਕਿਸਾਨਾਂ ਨੂੰ ਮੌਸਮ ਦਾ ਲਾਹਾ ਲੈ ਕੇ ਝੋਨੇ ਦੀ ਲੁਆਈ ਨੂੰ ਤੇਜ਼ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਠੰਢੇ ਮੌਸਮ ’ਚ ਝੋਨਾ ਲੱਗਣਸਾਰ ਹੀ ਚੱਲ ਪੈਂਦਾ ਹੈ।