ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 23 ਸਤੰਬਰ
ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਤਰਜਮਾਨ ਕਮਲਜੀਤ ਸਿੰਘ ਬਰਾੜ ਖੋਟੇ ਨੂੰ ਮੋਗਾ ਦੀ ਸੈਸ਼ਨ ਕੋਰਟ ਨੇ ਦੋਸ਼ ਮੁਕਤ ਕਰਾਰ ਦਿੱਤਾ ਹੈ। ਕਮਲਜੀਤ ਸਿੰਘ ਬਰਾੜ ’ਤੇ ਵਿਧਾਨ ਸਭਾ ਚੋਣਾ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤਹਿਤ ਮਾਮਲਾ ਦਰਜ ਹੋਇਆ ਸੀ।
ਬਰਾੜ ਦੇ ਵਕੀਲਾਂ ਦਲਜੀਤ ਸਿੰਘ ਧਾਲੀਵਾਲ, ਪਰਵਿੰਦਰ ਸਿੰਘ ਧਾਲੀਵਾਲ ਅਤੇ ਸਤਨਾਮ ਸਿੰਘ ਧਾਲੀਵਾਲ ਨੇ ਦੱਸਿਆ ਕੇ ਕਮਲਜੀਤ ਸਿੰਘ ਬਰਾੜ ਖਿਲਾਫ਼ ਅਧੀਨ ਧਾਰਾ 188 ਆਈਪੀਸੀ ਤਹਿਤ ਥਾਣਾ ਸਮਾਲਸਰ ’ਚ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੂੰ ਬਾਘਾ ਪੁਰਾਣਾ ਦੇ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਮਗਰੋਂ ਉਸ ਨੇ ਫੈਸਲੇ ਖਿਲਾਫ਼ ਸੈਸ਼ਨ ਕੋਰਟ ਮੋਗਾ ’ਚ ਅਪੀਲ ਕੀਤੀ ਸੀ। ਅੱਜ ਸੈਸ਼ਨ ਜੱਜ ਮੋਗਾ ਅਤੁਲ ਕਾਸਾਨਾਂ ਨੇ ਕਮਲਜੀਤ ਸਿੰਘ ਬਰਾੜ ਦੇ ਵਕੀਲਾਂ ਦਲਜੀਤ ਸਿੰਘ ਧਾਲੀਵਾਲ, ਪਰਵਿੰਦਰ ਸਿੰਘ ਧਾਲੀਵਾਲ ਅਤੇ ਸਤਨਾਮ ਸਿੰਘ ਧਾਲੀਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਕਮਲਜੀਤ ਸਿੰਘ ਬਰਾੜ ਨੂੰ ਦੋਸ਼ ਮੁਕਤ ਕਰਾਰ ਦਿੰਦੇ ਹੋਏ ਇਸ ਕੇਸ ਵਿੱਚੋਂ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ। ਦੂਜੇ ਪਾਸੇ ਬਰਾੜ ਦੇ ਹਮਾਇਤੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।