ਨਿੱਜੀ ਪੱਤਰ ਪ੍ਰੇਰਕ
ਮੋਗਾ, 8 ਫ਼ਰਵਰੀ
ਇਥੇ ਥਾਣਾ ਧਰਮਕੋਟ ਅਧੀਨ ਪਿੰਡ ਲੋਹਗੜ੍ਹ ਵਿਖੇ ਲੰਘੀ ਰਾਤ ਵਿਆਹ ਸਮਾਗਮ ‘ਚ ਡੀਜੇ ‘ਤੇ ਗਾਣਾ ਲਾਉਣ ਤੋਂ ਹੋਏ ਝਗੜੇ ਦੌਰਾਨ ਕਬੱਡੀ ਖਿਡਾਰੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਧਰਮਕੋਟ ਡੀਐੱਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਐਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਹਸਪਤਾਲ ਵਿਚ ਜ਼ਖ਼ਮੀ ਨੌਜਵਾਨ ਹਰਜੋਤ ਸਿੰਘ ਜੋਧਾ ਨੇ ਦੱਸਿਆ ਕਿ ਉਹ ਕਬੱਡੀ ਖਿਡਾਰੀ ਹੈ। ਉਸ ਦੇ ਦੋਸਤ ਦਾ ਕੱਲ੍ਹ ਪਿੰਡ ਚੜਿਕ ਵਿਖੇ ਪੈਲੇਸ ‘ਚ ਵਿਆਹ ਸੀ। ਉਹ ਆਪਣੇ ਕੁਝ ਦੋਸਤਾਂ ਨਾਲ ਵਿਆਹ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਉੱਥੇ ਡੀਜੇ ‘ਤੇ ਗੀਤ ਨੂੰ ਲੈ ਕੇ ਹੋਏ ਝਗੜੇ ਉਸ ਦੇ ਦੋਸਤ ਦੇ ਕੁਝ ਜਾਣਕਾਰਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਹ ਬਚਾਅ ਕਰਨ ਲਈ ਅੱਗੇ ਆਏ ਤਾਂ ਦੋਵੇਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਮਗਰੋਂ ਕੁਝ ਨੌਜਵਾਨ ਉਸ ਨੂੰ ਘਰ ਛੱਡਣ ਪਿੰਡ ਲੋਹਗੜ੍ਹ ਆ ਗਏ, ਜਿਥੇ ਮੁਲਜ਼ਮਾਂ ਨੇ ਉਸ ਜ਼ਖ਼ਮੀ ਕਰ ਦਿੱਤਾ ਅਤੇ ਉਨ੍ਹਾਂ ਹਵਾ ਵਿਚ ਗੋਲੀਆਂ ਵੀ ਚਲਾਈਆਂ।