JJP Haryana: ਹਰਿਆਣਾ ’ਚ 34 ਲੱਖ ਵੋਟਾਂ ਕੱਟੀਆਂ: ਦੁਸ਼ਯੰਤ ਚੌਟਾਲਾ
ਸਾਬਕਾ ਉਪ ਮੁੱਖ ਮੰਤਰੀ ਨੇ ਜਜਪਾ ਵਰਕਰਾਂ ਨੂੰ ਸੰਬੋਧਨ ਕੀਤਾ
ਇਥੇ ਅਗਰਵਾਲ ਧਰਮਸ਼ਾਲਾ ਵਿੱਚ ਜਜਪਾ ਬੀ ਐੱਲ ਏ-2 ਵਰਕਰਾਂ ਦੀ ਮੀਟਿੰਗ ਨੂੰ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੰਬੋਧਨ ਕੀਤਾ। ਇਸ ਮੌਕੇ ਜਜਪਾ ਯੂਥ ਵਿੰਗ ਦੇ ਸੂਬਾ ਪ੍ਰਧਾਨ ਦਿਗਵਿਜੈ ਚੌਟਾਲਾ, ਸੂਬਾ ਪ੍ਰਧਾਨ ਬ੍ਰਿਜ ਸ਼ਰਮਾ, ਕੌਮੀ ਸੰਗਠਨ ਸਕੱਤਰ ਰਾਜਿੰਦਰ ਲਿਤਾਨੀ, ਸਰਵਜੀਤ ਮਸੀਤਾਂ, ਰਣਦੀਪ ਮਟਦਾਦੂ, ਰਣਵੀਰ ਰਾਣਾ, ਜਗਰੂਪ ਸਕਤਾਖੇੜਾ, ਮਨਜੀਤ ਪੰਨੀਵਾਲਾ ਰੁਲਦੂ, ਪੁਨੀਤ ਸੀੜਾ ਮੌਜੂਦ ਸਨ।
ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਐੱਸ ਆਈ ਆਰ ਵਿੱਚ ਹਰਿਆਣਾ ਦੇ ਕਰੀਬ 34 ਲੱਖ ਅਤੇ ਸਿਰਸਾ ਜ਼ਿਲ੍ਹੇ ਦੇ ਲਗਪਗ 97 ਹਜ਼ਾਰ ਵੋਟ ਕੱਟੇ ਗਏ ਹਨ, ਜਦਕਿ ਡੱਬਵਾਲੀ ਵਿੱਚ ਵੀ ਕਰੀਬ 20 ਹਜ਼ਾਰ ਵੋਟ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬੀ ਐੱਲ ਏ-2 ਸਿਰਫ਼ ਐੱਸ ਆਈ ਆਰ ਤੱਕ ਸੀਮਤ ਨਹੀਂ, ਸਗੋਂ ਬੂਥ ਪ੍ਰਧਾਨ ਵਜੋਂ ਸੰਗਠਨ ਮਜ਼ਬੂਤ ਕਰਨ ਦੀ ਵੀ ਜ਼ਿੰਮੇਵਾਰੀ ਨਿਭਾਉਣਗੇ। ਉਨ੍ਹਾਂ ਹਰ ਵੋਟ ’ਤੇ ਨਿਗਰਾਨੀ ਰੱਖਣ, ਘਰਾਂ ’ਤੇ ਪਾਰਟੀ ਦਾ ਝੰਡਾ ਲਗਾਉਣ ਅਤੇ ਆਗੂਆਂ ਨੂੰ ਦੌਰਿਆਂ ਦੌਰਾਨ ਬੀ ਐੱਲ ਏ-2 ਨੂੰ ਨਾਲ ਰੱਖਣ ਲਈ ਕਿਹਾ। ਸੂਬਾ ਪ੍ਰਧਾਨ ਬ੍ਰਿਜ ਸ਼ਰਮਾ ਨੇ ਭਾਜਪਾ ’ਤੇ ਧਰਮ ਤੇ ਜਾਤ-ਪਾਤ ਦੀ ਰਾਜਨੀਤੀ ਕਰਨ ਦੇ ਦੋਸ਼ ਲਾਉਂਦਿਆਂ ਬੀ ਐੱਲ ਏ-2 ਨੂੰ ਆਮ ਵੋਟਰਾਂ ਨੂੰ ਪਾਰਟੀ ਨਾਲ ਜੋੜਨ ਦਾ ਸੱਦਾ ਦਿੱਤਾ। ਰਾਜਿੰਦਰ ਲਿਤਾਨੀ ਨੇ ਐੱਸ ਆਈ ਆਰ ਵਿੱਚ ਚੌਕਸੀ ਵਰਤਣ ਦੀ ਲੋੜ ਦੱਸੀ, ਜਦਕਿ ਸਰਵਜੀਤ ਮਸੀਤਾਂ ਨੇ ਵਰਕਰਾਂ ਨੂੰ ਜਜਪਾ ਦੇ ‘ਹੀਰੇ-ਮੋਤੀ’ ਕਰਾਰ ਦਿੱਤਾ।
ਦੁਸ਼ਯੰਤ ਨੇ ਬੀ ਐੱਲ ਏ-2 ਦੀ ਤਿਆਰੀ ਪਰਖੀ
ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ 213 ਬੂਥਾਂ ਵਿੱਚੋਂ ਕਈ ਬੀ ਐੱਲ ਏ-2 ਵਰਕਰਾਂ ਤੋਂ ਐੱਸ ਆਈ ਆਰ ਸਬੰਧੀ ਸਵਾਲ ਪੁੱਛੇ। ਉਨ੍ਹਾਂ ਦੀ ਤਿਆਰੀ ਪਰਖੀ ਅਤੇ ਸਟੇਜ ਤੋਂ ਬਿਨਾਂ ਕ੍ਰਮ ਦੇ ਹਾਜ਼ਰੀ ਵੀ ਲਗਾਈ।

