ਜੈਤੋ ਦੇ ਸਿਹਤ ਕੇਂਦਰ ਕੋਲ ਨਾ ਰੁਤਬਾ, ਨਾ ਡਾਕਟਰ : The Tribune India

ਜੈਤੋ ਦੇ ਸਿਹਤ ਕੇਂਦਰ ਕੋਲ ਨਾ ਰੁਤਬਾ, ਨਾ ਡਾਕਟਰ

ਜੈਤੋ ਦੇ ਸਿਹਤ ਕੇਂਦਰ ਕੋਲ ਨਾ ਰੁਤਬਾ, ਨਾ ਡਾਕਟਰ

ਜੈਤੋ ਦੇ ਸਿਹਤ ਕੇਂਦਰ ਦੀ ਬਾਹਰੀ ਝਲਕ।

ਸ਼ਗਨ ਕਟਾਰੀਆ

ਜੈਤੋ, 30 ਨਵੰਬਰ

ਇੱਥੋਂ ਦੇ ਸਿਹਤ ਕੇਂਦਰ ਦੇ ਮੱਥੇ ’ਤੇ ਉਂਜ ਤਾਂ ਹੁੱਬ ਕੇ ਕਿਸੇ ਨੇ ‘ਸਿਵਲ ਹਸਪਤਾਲ’ ਉੱਕਰਿਆ ਹੋਇਆ ਹੈ ਪਰ ਅਸਲ ਵਿੱਚ ਇਹ ‘ਕਮਿਊਨਿਟੀ ਹੈਲਥ ਸੈਂਟਰ’ ਹੈ। ਲੋਕਾਂ ਦੀ ਫ਼ਰਿਆਦ ’ਤੇ ਸਾਲ ਕੁ ਪਹਿਲਾਂ ਉੱਕਰੇ ਨਾਂਅ ਵਾਲਾ ਰੁਤਬਾ ਲੈ ਕੇ ਖੁਦ ਸਰਕਾਰ ਪਹੁੰਚੀ ਸੀ ਪਰ ‘ਲੋਕਾਂ’ ਨੇ ਸਰਕਾਰ ਮਸੀਹੇ ਦੇ ਦਰਾਂ ਤੋਂ ਪੁੱਠੇ ਪੈਰੀਂ ਮੋੜ ਦਿੱਤੀ। ਇਹ ਵੀ ਸਮੇਂ ਦਾ ਗੇੜ ਹੈ ਕਿ ਹੁਣ ਉਹੀ ਲੋਕ ਮਰਜ਼ਾਂ ਨਾਲ ਹੂੰਗਦੇ, ਇੱਕ ਤੋਂ ਦੂਜੇ ਸ਼ਹਿਰ ਇਲਾਜ ਲਈ ਚੱਕਰ ਕੱਟ ਰਹੇ ਹਨ।

ਢਾਈ ਦਹਾਕੇ ਪਹਿਲਾਂ ਸਬ-ਡਿਵੀਜ਼ਨ ਦਾ ਮੁਕਾਮ ਹਾਸਲ ਕਰ ਚੁੱਕੇ ਸ਼ਹਿਰ ਕੋਲ ਪੰਜਾਹ ਸਾਲ ਪੁਰਾਣਾ ਸਿਹਤ ਕੇਂਦਰ ਹੈ। ਰੁਤਬੇ ਮੁਤਾਬਕ 50 ਤੋਂ ਵੱਧ ਬਿਸਤਰਿਆਂ ਦਾ ਸਿਵਲ ਹਸਪਤਾਲ ਹੁੰਦਾ ਹੈ ਪਰ ਮੁੱਦਤਾਂ ਬਾਅਦ ਵੀ 30 ਬਿਸਤਰਿਆਂ ਦੀ ਸਮਰੱਥਾ ਵਾਲੇ ਸਿਹਤ ਕੇਂਦਰ ਨੇ ਸ਼ਹਿਰ ਦਾ ‘ਮੋਹ’ ਨਹੀਂ ਛੱਡਿਆ। ਸ਼ਹਿਰ ਤੇ ਪਿੰਡਾਂ ਦੀ ਲੱਖਾਂ ਦੀ ਆਬਾਦੀ ਨੂੰ ਚਲਾਉਣ ਲਈ ਇਥੋਂ ਦੇ ਸੀਐੱਚਸੀ ’ਚ ਸਿਰਫ ਦੋ ਡਾਕਟਰ ਹਨ ਅਤੇ ਦੋ ਸਾਲਾਂ ਤੋਂ ਇਸ ਵਿੱਚ ਐਮਰਜੈਂਸੀ ਸੇਵਾਵਾਂ ਠੱਪ ਹਨ। ਇਨ੍ਹਾਂ ਡਾਕਟਰਾਂ ’ਚੋਂ ਵੀ ਐੱਮਡੀ ਮੈਡੀਸਨ ਡਾ. ਵਰਿੰਦਰ ਕੁਮਾਰ ਮਰੀਜ਼ਾਂ ਨੂੰ ਵੇਖਣ ਦੇ ਨਾਲ-ਨਾਲ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਦੀ ਡਿਊਟੀ ਵੀ ਕਰ ਰਹੇ ਹਨ। ਸਿਹਤ ਕੇਂਦਰ ਨੂੰ ਚੌਵੀ ਘੰਟੇ ਐਮਰਜੈਂਸੀ ਸੇਵਾਵਾਂ ਲਈ ਦੋ ਡਾਕਟਰਾਂ ਦੀ ਲੋੜ ਹੈ ਪਰ ਇਥੇ ਤਾਂ ਗਾਇਨੀ, ਸਰਜਨ, ਡੈਂਟਲ ਸਮੇਤ ਹੋਰ ਡਾਕਟਰ ਵੀ ਨਹੀਂ ਹੈ। ਇਸ ਸਿਹਤ ਕੇਂਦਰ ’ਚ ਐੱਸਐੱਮਓ ਵੀ ਪੈਰ ਨਹੀਂ ਪਾਉਂਦਾ। ਜਦੋਂ ਵੀ ਕਿਸੇ ਐੱਸਐੱਮਓ ਦੀ ਇਥੇ ਤਾਇਨਾਤੀ ਹੁੰਦੀ ਹੈ, ਉਹ ਜੁਆਇਨ ਕਰਨ ਦੀ ਥਾਂ ਬਾਹਰੋਂ-ਬਾਹਰ ਬਦਲੀ ਕਰਵਾ ਕੇ ਹਵਾ ਹੋ ਜਾਂਦਾ ਹੈ। ਉਂਜ ਰੋਗੀਆਂ ਦੀ ਸੈਂਟਰ ਵਿੱਚ ਕੋਈ ਤੋਟ ਨਹੀਂ। ਹਰ ਮਹੀਨੇ 5 ਤੋਂ 6 ਹਜ਼ਾਰ ਦੀ ਓਪੀਡੀ ਹੈ। ਇਹ ਸਾਰਾ ਬੋਝ ਡਾ. ਵਰਿੰਦਰ ਕੁਮਾਰ ਅਤੇ ਐਮਓ ਡੌਲੀ ਅਗਰਵਾਲ ਦੇ ਮੋਢਿਆਂ ’ਤੇ ਹੈ।

ਦੱਸ ਦੇਈਏ ਕਿ 14 ਨਵੰਬਰ 2021 ਨੂੰ ਤਤਕਾਲੀ ਉਪ ਮੁੱਖ ਮੰਤਰੀ ਓ.ਪੀ. ਸੋਨੀ ਇਸ ਕਮਿਊਨਟੀ ਸੈਂਟਰ ਨੂੰ ਸਿਵਲ ਹਸਪਤਾਲ ਦੇ ਰੁਤਬੇ ਨਾਲ ਨਿਵਾਜਣ ਲਈ ਉਚੇਚੇ ਤੌਰ ’ਤੇ ਇੱਥੇ ਆਏ ਸਨ। ਉਸ ਵਕਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਆਪਣੀਆਂ ਮੰਗਾਂ ਦੇ ਸਬੰਧ ’ਚ ਮੰਤਰੀਆਂ ਨੂੰ ਘੇਰਨ ਦੀ ਮੁਹਿੰਮ ਚੱਲ ਰਹੀ ਸੀ। ਸੋਨੀ ਦੇ ਆਉਣ ਤੋਂ ਪਹਿਲਾਂ ਹੀ ਜਥੇਬੰਦੀ ਦੇ ਵਰਕਰਾਂ ਵੱਲੋਂ ਕੇਂਦਰ ਦੇ ਦੋਵਾਂ ਗੇਟਾਂ ’ਤੇ ਧਰਨਾ ਲਾ ਦਿੱਤਾ ਗਿਆ। ਸੋਨੀ ਕੇਂਦਰ ਵਿੱਚ ਰੱਖੇ ਸਮਾਗਮ ਵਿੱਚ ਨਾ ਪਹੁੰਚ ਸਕੇ ਅਤੇ ਐਲਾਨ ‘ਹਵਾ-ਹਵਾਈ’ ਹੋ ਗਿਆ। ਉਂਜ ਤਾਂ ਜੈਤੋ ਦੇ ਮੌਜੂਦਾ ਵਿਧਾਇਕ ਅਮੋਲਕ ਸਿੰਘ ਵੀ ਵਿਧਾਨ ਸਭਾ ’ਚ ‘ਆਪ’ ਸਰਕਾਰ ਤੋਂ ਸੀਐਚਸੀ ਨੂੰ ਸਿਵਲ ਹਸਪਤਾਲ ਦਾ ਦਰਜਾ ਦੇਣ ਦੀ ਮੰਗ ਕਰ ਚੁੱਕੇ ਹਨ ਪਰ ਲੋਕਾਂ ਨੂੰ ਉਡੀਕ ਹੈ ਕਿ ‘ਵੇਖੋ! ਊਠ ਕਦੋਂ ਤੇ ਕਿਸ ਕਰਵਟ ਬੈਠਦਾ ਹੈ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All