jaito news: ਸਰਬਜੀਤ ਖਾਲਸਾ ਦੀ ਸੰਤ ਰਿਸ਼ੀ ਰਾਮ ਨਾਲ ਮੁਲਾਕਾਤ
ਸੰਸਦ ਮੈਂਬਰ ਨੇ ਸੰਸਥਾ ਦੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ
ਲੋਕ ਸਭਾ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਵਿਸ਼ੇਸ਼ ਤੌਰ ’ਤੇ ਸਥਾਨਕ ਸੰਤ ਜਲਾਲ ਵਾਲਿਆਂ ਦੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਹਸਪਤਾਲ ਦੇ ਸੰਚਾਲਕ ਸੰਤ ਰਿਸ਼ੀ ਰਾਮ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ। ਸੰਤ ਰਿਸ਼ੀ ਰਾਮ ਨੇ ਸ੍ਰੀ ਖਾਲਸਾ ਨੂੰ ਸਿਰੋਪਾਓ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ। ਸਰਬਜੀਤ ਸਿੰਘ ਖਾਲਸਾ ਨੇ ਮਨੁੱਖਤਾ ਦੀ ਭਲਾਈ ਲਈ ਕਾਰਜਸ਼ੀਲ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਦਾ ਦੌਰਾ ਕਰਦਿਆਂ ਸੰਸਥਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਤ ਰਿਸ਼ੀ ਰਾਮ ਨੇ ਸੰਸਦ ਪਾਰਲੀਮੈਂਟ ਨੂੰ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਮਰੀਜ਼ਾਂ ਲਈ ਦਵਾਈਆਂ ਤੋਂ ਇਲਾਵਾ ਰਹਿਣ-ਸਹਿਣ ਅਤੇ ਹੋਰ ਲੋੜੀਂਦੇ ਪ੍ਰਬੰਧ ਵੀ ਸੰਸਥਾ ਵੱਲੋਂ ਮੁਫ਼ਤ ਕੀਤੇ ਜਾਂਦੇ ਹਨ। ਸ੍ਰੀ ਖਾਲਸਾ ਨੇ ਇਸ ਮੌਕੇ ਸੰਤ ਰਿਸ਼ੀ ਰਾਮ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਵੱਧ ਤੋਂ ਵੱਧ ਗ੍ਰਾਂਟ ਮੁਹੱਈਆ ਕਰਵਾਉਣਗੇ।

