ਜੈਤੋ ਨਗਰ ਕੌਂਸਲ ਦੀ ਕਮਾਨ ‘ਆਪ’ ਦੇ ਹੱਥ
ਨਿਰਮਲਾ ਦੇਵੀ ਪ੍ਰਧਾਨ ਬਣੇ; ਮੰਤਰੀ ਮੁੰਡੀਆਂ ਤੇ ਵਿਧਾਇਕ ਅਮੋਲਕ ਸਿੰਘ ਰਹੇ ਹਾਜ਼ਰ
ਨਗਰ ਕੌਂਸਲ ਜੈਤੋ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਹੁਣੇ-ਹੁਣੇ ਸਰਬਸੰਮਤੀ ਨਾਲ ਨੇਪਰੇ ਚੜ੍ਹ ਗਈ। ਆਮ ਆਦਮੀ ਪਾਰਟੀ ਦੇ ਬਹੁਮਤ ਵਾਲੀ ਨਗਰ ਕੌਂਸਲ ਵਿੱਚ ਤਿੰਨੇ ਪ੍ਰਮੁੱਖ ਅਹੁਦਿਆਂ ’ਤੇ ਇਸ ਪਾਰਟੀ ਦੇ ਉਮੀਦਵਾਰ ਚੁਣੇ ਗਏ, ਜਿਸ ਨਾਲ ਸਥਾਨਕ ਇਕਾਈ ਦੀ ਕਮਾਂਡ ਪੂਰੀ ਤਰ੍ਹਾਂ ‘ਆਪ’ ਦੇ ਹੱਥ ਆ ਗਈ।
ਚੋਣ ਦੌਰਾਨ ਨਿਰਮਲਾ ਦੇਵੀ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਡਾ. ਹਰੀਸ਼ ਚੰਦਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਨਰਿੰਦਰ ਪਾਲ ਸਿੰਘ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਨਗਰ ਕੌਂਸਲ ਦੇ ਕੌਂਸਲਰਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਜੈਤੋ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਸ੍ਰੀ ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਨਵੇਂ ਚੁਣੇ ਕੌਂਸਲਰਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਯਕੀਨੀ ਬਣਾਉਣ।
ਵਿਧਾਇਕ ਅਮੋਲਕ ਸਿੰਘ ਨੇ ਨਗਰ ਕੌਂਸਲ ਦੇ ਨਵੇਂ ਚੁਣੇ ਅਹੁਦੇਦਾਰਾਂ ਅਤੇ ਸਮੂਹ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ, ਪਰ ਉਨ੍ਹਾਂ ਲਈ ਨਗਰ ਕੌਂਸਲ ਦੇ ਸਾਰੇ 17 ਦੇ 17 ਕੌਂਸਲਰ ਬਰਾਬਰ ਮਹੱਤਵ ਰੱਖਦੇ ਹਨ।
ਮੀਟਿੰਗ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਡਾ. ਲਛਮਣ ਭਗਤੂਆਣਾ, ਐੱਸ ਡੀ ਐੱਮ ਜੈਤੋ ਵਿਕਰਮਜੀਤ ਸਿੰਘ, ਤਹਿਸੀਲਦਾਰ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਅਮਨਦੀਪ ਗੋਇਲ, ਟਰੱਕ ਅਪ੍ਰੇਟਰਜ਼ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਨ ਮਲਹੋਤਰਾ ਅਤੇ ਨਗਰ ਕੌਂਸਲ ਜੈਤੋ ਦੇ ਕਾਰਜਕਾਰੀ ਅਫ਼ਸਰ (ਈ ਓ) ਹਾਜ਼ਰ ਸਨ।
ਗੌਰਤਲਬ ਹੈ ਕਿ 17 ਕੌਂਸਲਰਾਂ ਵਾਲੀ ਨਗਰ ਕੌਂਸਲ ਜੈਤੋ ਲਈ ਵਿਧਾਇਕ ਅਮੋਲਕ ਸਿੰਘ ਵੀ ਵੋਟ ਪਾਉਣ ਦਾ ਅਧਿਕਾਰ ਰੱਖਦੇ ਹਨ। ਲੰਘੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ 12, ਸ਼੍ਰੋਮਣੀ ਅਕਾਲੀ ਦਲ ਦੇ 3 ਅਤੇ ਕਾਂਗਰਸ ਦੇ 2 ਕੌਂਸਲਰ ਚੋਣਾਂ ਜਿੱਤੇ ਸਨ। ਇਹ ਵੀ ਦੱਸਣਯੋਗ ਹੈ ਕਿ ਹੁਣ ਪ੍ਰਧਾਨ ਚੁਣੇ ਗਏ ਨਿਰਮਲਾ ਦੇਵੀ ਕੈਪਟਨ ਸਰਕਾਰ ਦੇ 2002-2007 ਦੇ ਕਾਰਜਕਾਲ ਮੌਕੇ ਕੌਂਸਲਰ ਰਹਿ ਚੁੱਕੇ ਹਨ।
