ਕੇਂਦਰ ਸਰਕਾਰ ਦੀਆਂ ਮਜ਼ਦੂਰ ਕਿਸਾਨ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਖ਼ਿਲਾਫ਼ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਤੇ ਸੀ ਆਈ ਟੀ ਯੂ ਵੱਲੋਂ ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਦੀ ਅਗਵਾਈ ਹੇਠ ਜੇਲ੍ਹ ਭਰੋ ਅੰਦੋਲਨ ਤਹਿਤ ਪ੍ਰਦਰਸ਼ਨ ਕਰਦਿਆਂ ਡੀ ਸੀ ਦਫ਼ਤਰ ਪੁੱਜ ਕੇ ਗ੍ਰਿਫ਼ਤਾਰੀਆਂ ਦੇਣ ਦੀ ਪੇਸ਼ਕਸ਼ ਕੀਤੀ ਗਈ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸੇ ਆਗੂ ਜਾਂ ਵਰਕਰ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸ ਤੋਂ ਪਹਿਲਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਤੇ ਜ਼ਿਲ੍ਹਾ ਸਕੱਤਰੇਤ ਮੈਂਬਰ ਰਜਿੰਦਰ ਸਿੰਘ ਕਾਹਨੇਕੇ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਕਾਰਪੋਰੇਟਾਂ ਨੂੰ ਗੱਫ਼ੇ, ਕਿਰਤੀਆਂ ਨੂੰ ਧੱਕੇ ਦੀ ਨੀਤੀ ’ਤੇ ਪਹਿਰਾ ਦਿੰਦੀ ਹੋਈ ਨਿਤ ਦਿਨ ਨਵੀਆਂ ਲੋਕ ਮਾਰੂ ਨੀਤੀਆਂ ਲਾਗੂ ਕਰਕੇ ਦੇਸ਼ ਨੂੰ ਤਬਾਹ ਕਰਨ ’ਤੇ ਲੱਗੀ ਹੋਈ ਹੈ। ਆਗੂਆਂ ਸਮੂਹ ਭਰਾਤਰੀ ਜਥੇਬੰਦੀਆਂ ਨੂੰ ਇੱਕਜੁੱਟ ਹੋ ਇੱਕ ਮੰਚ ਤੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲ਼ਾਫ ਸੰਘਰਸ਼ ਵਿੱਢਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਛੋਟਾ ਸਿੰਘ ਧਨੌਲਾ, ਬਲਵੀਰ ਸਿੰਘ ਹੰਡਿਆਇਆ, ਮਕੰਦ ਸਿੰਘ, ਸਿਰੀ ਰਾਮ ਘੁੰਨਸ, ਨਾਹਰ ਸਿੰਘ ਘੁੰਨਸ, ਗੁਰਜੰਟ ਸਿੰਘ ਕੋਟਦੁੰਨਾ ਤੇ ਗੁਰਜੰਟ ਸਿੰਘ ਸੰਘੇੜਾ ਹਾਜ਼ਰ ਸਨ।
ਮਿੱਡ-ਡੇਅ ਮੀਲ ਅਤੇ ਸਫ਼ਾਈ ਵਰਕਰਾਂ ਵੱਲੋਂ ਰੈਲੀ
ਬੁਢਲਾਡਾ (ਮਾਨਸਾ) (/ਜੋਗਿੰਦਰ ਸਿੰਘ ਮਾਨ): ਟਰੇਡ ਯੂਨੀਅਨਾਂ ਦੇ ਦੇਸ਼ ਵਿਆਪੀ ਜੇਲ੍ਹ ਭਰੋ ਅੰਦੋਲਨ ਦੀ ਹਮਾਇਤ ਵਿੱਚ ਬੁਢਲਾਡਾ ਵਿੱਚ ਮਿੱਡ-ਡੇਅ ਮੀਲ ਤੇ ਸਫ਼ਾਈ ਵਰਕਰ ਯੂਨੀਅਨ ਵੱਲੋਂ ਰੋਸ ਰੈਲੀ ਕੀਤੀ ਗਈ। ਇਸ ਰੈਲੀ ਦੀ ਅਗਵਾਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਰਦਿਆਂ ਕਿਹਾ ਕਿ ਮਜ਼ਦੂਰ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਰੋਜ਼ੀ, ਰੋਟੀ ਬਣਾਉਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਸੰਘਰਸ਼ ਕਰਨ ਦੀ ਲੋੜ ਹੈ। ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ਦੇ ਵਿਧਾਨ ਸਭਾ ਚੱਲ ਰਹੇ ਇਜਲਾਸ ਵਿੱਚ ਮਿੱਡ-ਡੇਅ ਮੀਲ ਕੁੱਕ ਬੀਬੀਆਂ ਦੀ ਤਨਖਾਹ ਵਧਾਉਣ ਦੇ ਕੀਤੇ ਵਾਅਦੇ ਨੂੰ ਪੂਰਾ ਦੀ ਵੀ ਮੰਗ ਕੀਤੀ। ਸੂਬਾ ਪ੍ਰਧਾਨ ਭਗਵੰਤ ਸਮਾਓਂ ਤੇ ਮਿੱਡ-ਡੇਅ ਮੀਲ ਤੇ ਸਫ਼ਾਈ ਵਰਕਰ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਆਜ਼ਾਦ ਭਾਰਤ ਵਿੱਚ ਸਰਕਾਰੀ ਅਦਾਰਿਆਂ ’ਚ ਕੰਮ ਕਰਨ ਵਾਲੇ ਮਿੱਡ-ਡੇਅ ਮੀਲ ਕੁੱਕ ਬੀਬੀਆਂ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਤੇ ਸਫ਼ਾਈ ਵਰਕਰਾਂ ਤੋਂ ਘੱਟ ਤਨਖਾਹ ’ਤੇ ਕੰਮ ਸਭ ਤੋਂ ਵੱਧ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਭਾਜਪਾ ਦੇ ਰਾਜ ਵਿੱਚ ਆਮ ਆਦਮੀ ਤੋਂ ਰੋਜ਼ੀ, ਰੋਟੀ, ਸਿੱਖਿਆ ਖੋਹਣ ਦੀ ਨੀਤੀਆਂ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇ ਰਾਜ ਵਿੱਚ ਆਰ ਐੱਸ ਐੱਸ ਵਾਲੇ ਸਰਕਾਰੀ ਖ਼ਜ਼ਾਨਾ ਅਤੇ ਮੰਦਰਾਂ ਵਿੱਚ ਗੋਲਕਾਂ ਲੁੱਟ ਰਹੇ ਹਨ। ਉਨ੍ਹਾਂ ਕੁੱਕ ਬੀਬੀਆਂ ਨੂੰ 13 ਸਤੰਬਰ ਦੀ ਮਜ਼ਦੂਰ ਏਕਤਾ ਰੈਲੀ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ।

