ਖੰਡ ਮਿੱਲ ਨੂੰ ਕੌਮੀ ਐਵਾਰਡ ਮਿਲਣਾ ਮਾਣ ਵਾਲੀ ਗੱਲ: ਨਵਦੀਪ ਜੀਦਾ
ਸ਼ਗਨ ਕਟਾਰੀਆ
ਬਠਿੰਡਾ, 3 ਜਲਾਈ
ਡਾਕਟਰ ਭੀਮ ਰਾਓ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦਿੱਲੀ ਵਿੱਚ ਅੱਜ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਪੰਜਾਬ ਦੀ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਨੂੰ ਨਵੇਂ ਕਿਸਮ ਦੇ ਬੀਜ ਤਿਆਰ ਕਰਨ ’ਚ ਪੂਰੇ ਭਾਰਤ ਦੇਸ਼ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਐਵਾਰਡ ਦਿੱਤਾ ਗਿਆ।
ਇਸ ਸਬੰਧੀ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਇਹ ਉਹੀ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੇ ਜਿਨ੍ਹਾਂ ਦੇ ਘਾਟੇ ਵਿੱਚ ਜਾਣ ’ਤੇ ਪਿਛਲੀਆਂ ਰਵਾਇਤੀ ਪਾਰਟੀਆਂ ਨੇ ਕੁਝ ਖੰਡ ਮਿੱਲਾਂ ਬੰਦ ਕਰ ਦਿੱਤੀਆਂ ਸਨ ਅਤੇ ਕੁਝ ਖੰਡ ਮਿੱਲਾਂ ਨੂੰ ਬੰਦ ਕਰਨ ਦੀ ਵਿਚਾਰ ਚਰਚਾ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ‘ਆਪ’ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੀਆਂ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਦਿਨੋਂ-ਦਿਨ ਤਰੱਕੀ ਦੀ ਰਾਹ ਵੱਲ ਵਧ ਰਹੀਆਂ ਹਨ।
ਸ੍ਰੀ ਜੀਦਾ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਸਾਰੀਆਂ ਹੀ ਸਹਿਕਾਰੀ ਖੰਡ ਮਿੱਲਾਂ ਵੱਖ-ਵੱਖ ਖੇਤਰਾਂ ਵਿੱਚ ਇੱਕ ਚੰਗਾ ਸਥਾਨ ਹਾਸਲ ਕਰਨਗੀਆਂ। ਉਨ੍ਹਾਂ ਕਿਹਾ, ‘ਅਸੀਂ ਪੰਜਾਬ ਦੀਆਂ ਸਾਰੀਆਂ ਹੀ ਸਹਿਕਾਰੀ ਖੰਡ ਮਿੱਲਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਚਨਬੱਧ ਹਾਂ’।
ਇਸ ਸਮੇਂ ਉਨ੍ਹਾਂ ਦੇ ਨਾਲ ਸ਼ੂਗਰਫੈੱਡ ਦੇ ਐੱਮਡੀ ਸੇਨੂੰ ਦੁੱਗਲ, ਜਨਰਲ ਮੈਨੇਜਰ ਬੁੱਢੇਵਾਲ ਸੁਖਦੀਪ ਸਿੰਘ ਕੈਰੋਂ, ਜਨਰਲ ਮੈਨੇਜਰ ਨਵਾਂ ਸ਼ਹਿਰ ਰਾਜਿੰਦਰ ਪ੍ਰਾਤਪ ਸਿੰਘ, ਨੈਸ਼ਨਲ ਫੈਡਰੇਸ਼ਨ ਦੇ ਡਾਇਰੈਕਟਰ ਤਰਲੋਚਨ ਸਿੰਘ, ਡਾਇਰੈਕਟਰ ਹਾਕਮ ਸਿੰਘ, ਡਾਇਰੈਕਟਰ ਦਵਿੰਦਰ ਸਿੰਘ, ਡਾਇਰੈਕਟਰ ਜੱਗਰ ਸਿੰਘ, ਡਾਇਰੈਕਟਰ ਸੁਖਵਿੰਦਰ ਕੌਰ, ਚੀਫ ਇੰਜੀਨੀਅਰ ਬੁੱਢੇਵਾਲ ਗੁਰਵਿੰਦਰ ਸਿੰਘ ਅਤੇ ਸੁਪਰਡੈਂਟ ਬੁੱਢੇਵਾਲ ਪੁਸ਼ਪਿੰਦਰ ਸਿੰਘ ਆਦਿ ਹਾਜ਼ਰ ਸਨ।